ਫਤਿਹਗੜ੍ਹ ਸਾਹਿਬ, 14 ਸਤੰਬਰ (ਸਤਨਾਮ ਚੌਹਾਨ, ਕੁਲਦੀਪ ਬਾਲਪੁਰ):- ਪਿੰਡ ਚਣੋ ਦੇ ਸਰਕਾਰੀ ਮਿਡਲ ਸਕੂਲ ਵਿੱਚ ਇੱਕ ਮਾਸਟਰ ਵੱਲੋਂ ਇੱਕ ਬੱਚੇ ਦੀ ਕਥਿਤ ਤੌਰ ਤੇ ਕੁੱਟਮਾਰ ਕੀਤੇ ਜਾਣ ਦਾ ਸਮਾਂਚਾਰ ਹੈ। ਇਸ ਸਬੰਧੀ ਗੱਲਬਾਤ ਕਰਦੇ ਹੋਏ ਸਵਰਨਜੀਤ ਸਿੰਘ ਪੁੱਤਰ ਦਿਆਲ ਸਿੰਘ ਵਾਸੀ ਪਿੰਡ ਚਣੋ ਨੇ ਦੱਸਿਆ ਕਿ ਉਸ ਦਾ ਭਤੀਜਾ ਕਰਨਵੀਰ ਸਿੰਘ ਉਮਰ 12 ਸਾਲ ਹੈ, ਜੋ ਕਿ ਸਰਕਾਰੀ ਮਿਡਲ ਸਕੂਲ ਪਿੰਡ ਚਣੋ ਵਿਖੇ ਅੱਠਵੀਂ ਕਲਾਸ ਵਿੱਚ ਪੜ੍ਹਦਾ ਹੈl ਸਵਰਨਜੀਤ ਸਿੰਘ ਨੇ ਦੋਸ਼ ਲਗਾਇਆ ਕਿ ਬੀਤੇ ਦਿਨ ਕਰਨਵੀਰ ਸਿੰਘ ਨੂੰ ਸਕੂਲ ਦੇ ਮਾਸਟਰ ਹਰਵਿੰਦਰ ਸਿੰਘ ਨੇ ਕਥਿਤ ਤੌਰ ਤੇ ਸੋਟੀਆਂ ਨਾਲ ਬੁਰੀ ਤਰ੍ਹਾਂ ਕੁੱਟਿਆ, ਜਿਸ ਤੋਂ ਬਾਅਦ ਉਹ ਇਲਾਜ ਲਈ ਕਰਨਵੀਰ ਸਿੰਘ ਨੂੰ ਸਰਕਾਰੀ ਹਸਪਤਾਲ ਚਨਾਰਥਲ ਕਲਾ ਵਿਖੇ ਦਾਖਿਲ ਕਰਵਾਇਆ ਗਿਆ ਜਿੱਥੇ ਡਾਕਟਰਾਂ ਨੇ ਉਸਦੀ ਹਾਲਤ ਨੂੰ ਗੰਭੀਰ ਦੇਖਦੇ ਹੋਏ ਉਸ ਨੂੰ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਰੈਫਰ ਕਰ ਦਿੱਤਾ। ਸਵਰਨਜੀਤ ਸਿੰਘ ਨੇ ਦੋਸ਼ ਲਗਾਇਆ ਕਿ ਜਦੋਂ ਉਹਨਾਂ ਨੇ ਉਹਨਾਂ ਦੱਸਿਆ ਕਿ ਮਾਸਟਰ ਹਰਵਿੰਦਰ ਸਿੰਘ ਨੂੰ ਸਾਨੂੰ ਫੋਨ ਕੀਤਾ, ਤਾਂ ਅੱਗੇ ਤੋਂ ਮਾਸਟਰ ਹਰਵਿੰਦਰ ਸਿੰਘ ਨੇ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ l ਸਵਰਨ ਸਿੰਘ ਨੇ ਇਹ ਵੀ ਦੋਸ਼ ਲਗਾਇਆ ਕਿ ਮਾਸਟਰ ਹਰਵਿੰਦਰ ਸਿੰਘ ਨੇ ਉਹਨਾਂ ਦੇ ਘਰ ਵੀ ਸੁਨੇਹਾ ਭੇਜਿਆ ਹੈ, ਕਿ ਉਹ ਡਰਦਾ ਨਹੀਂ ਹੈ। ਉਹ ਉਸ ਦਾ ਕੁਝ ਵੀ ਨਹੀਂ ਕਰ ਸਕਦੇ l ਸਵਰਨ ਸਿੰਘ ਨੇ ਕਿਹਾ ਕਿ ਉਹਨਾਂ ਨੇ ਇਸ ਸਬੰਧੀ ਥਾਣਾ ਮੁਲੇਪੁਰ ਨੂੰ ਵੀ ਸੂਚਿਤ ਕਰ ਦਿੱਤਾ ਹੈ।
ਕੀ ਕਹਿੰਦੇ ਹਨ ਮਾਸਟਰ ਹਰਵਿੰਦਰ ਸਿੰਘ?
ਇਸ ਸਬੰਧੀ ਮਾਸਟਰ ਹਰਵਿੰਦਰ ਸਿੰਘ ਨਾਲ ਗੱਲ ਕਰਨ ਤੇ ਉਹਨਾਂ ਸਾਰੇ ਦੋਸ਼ਾਂ ਨੂੰ ਝੂਠੇ ਤੇ ਬੇਬੁਨਿਆਦ ਦੱਸਦੇ ਹੋਏ ਕਿਹਾ ਕਿ ਉਹਨਾਂ ਨੇ ਕਿਸੇ ਵੀ ਬੱਚੇ ਨੂੰ ਕੁੱਟਿਆ ਨਹੀਂ ਹੈ। ਉਹਨਾਂ ਕਿਹਾ ਕਿ ਉਹ ਬੱਚੇ ਨੂੰ ਡਰਾਉਣ ਲਈ ਧਰਤੀ ਤੇ ਜਰੂਰ ਸੋਟੀਆਂ ਮਾਰ ਰਿਹਾ ਸੀ l ਪਰ ਬੱਚੇ ਦੇ ਕੋਈ ਵੀ ਸੋਟੀ ਨਹੀਂ ਮਾਰੀ ਹੈ। ਉਹਨਾਂ ਧਮਕੀਆਂ ਦੇਣ ਵਾਲੀ ਗੱਲ ਨੂੰ ਵੀ ਝੂਠਾ ਦੱਸਿਆl ਉਹਨਾਂ ਕਿਹਾ ਕਿ ਉਹਨਾਂ ਨੇ ਕਿਸੇ ਨੂੰ ਵੀ ਧਮਕੀ ਨਹੀਂ ਦਿੱਤੀ ਹੈ ਅਤੇ ਨਾ ਹੀ ਕਿਸੇ ਨੂੰ ਧਮਕੀ ਦੇਣ ਲਈ ਸਵਰਨ ਸਿੰਘ ਦੇ ਘਰੇ ਭੇਜਿਆ ਹੈ। ਇਸ ਮੌਕੇ ਸਵਰਨ ਸਿੰਘ ਦੇ ਨਾਲ ਕਰਨਵੀਰ ਸਿੰਘ ਦੀ ਨਾਨੀ ਜਸਵੀਰ ਕੌਰ ਅਤੇ ਨਾਨਾ ਅਵਤਾਰ ਸਿੰਘ ਵਾਸੀ ਪਿੰਡ ਡਡਹੇੜੀ ਵੀ ਹਾਜ਼ਰ ਸਨ l
ਕੀ ਕਹਿੰਦੇ ਹਨ ਸਹਾਇਕ ਥਾਣੇਦਾਰ?
ਇਸ ਸਬੰਧੀ ਥਾਣਾ ਮੂਲੇਪੁਰ ਦੇ ਸਹਾਇਕ ਥਾਣੇਦਾਰ ਜਗਜੀਤ ਸਿੰਘ ਨਾਲ ਗੱਲ ਕਰਨ ਤੇ ਉਹਨਾਂ ਕਿਹਾ ਕਿ ਪੁਲਿਸ ਨੂੰ ਇਸ ਮਾਮਲੇ ਨੂੰ ਲੈ ਕੇ ਸ਼ਿਕਾਇਤ ਮਿਲੀ ਸੀ ਜਿਸ ਤੋਂ ਬਾਅਦ ਪੁਲਿਸ ਵੱਲੋਂ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਕਰਨਵੀਰ ਸਿੰਘ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਵਿੱਚ ਇਲਾਜ ਲਈ ਦਾਖਲ ਹੈ।

0 Comments