ਲਾਰੇ ਲੱਪੇ ਅਤੇ ਡੰਗ ਟਪਾਉ ਨੀਤੀ ਬਰਦਾਸ਼ਤ ਨਹੀਂ : NSQF ਵੋਕੇਸ਼ਨਲ ਟੀਚਰਜ਼ ਫਰੰਟ ਪੰਜਾਬ
ਸ਼੍ਰੀ ਮੁਕਤਸਰ ਸਾਹਿਬ : NSQF ਵੋਕੇਸ਼ਨਲ ਟੀਚਰਜ਼ ਫਰੰਟ ਪੰਜਾਬ ਵੱਲੋਂ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਮੰਗ ਨੂੰ ਲੈ ਕੇ ਸੰਘਰਸ਼ ਤੇਜ਼ ਕਰ ਦਿੱਤਾ ਗਿਆ ਹੈ। ਫਰੰਟ ਦੀ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਇਕਾਈ ਦੀ ਅਹਿਮ ਮੀਟਿੰਗ ਤੋਂ ਬਾਅਦ ਜ਼ਿਲ੍ਹਾ ਪ੍ਰਧਾਨ ਮਨਪ੍ਰੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੱਚੇ ਮੁਲਾਜ਼ਮਾਂ ਨਾਲ ਕੀਤੇ ਵਾਅਦੇ ਅਜੇ ਤੱਕ ਪੂਰੇ ਨਹੀਂ ਕੀਤੇ ਗਏ ਅਤੇ ਸਰਕਾਰ “ਲਾਰੇ ਲੱਪੇ ਅਤੇ ਡੰਗ ਟਪਾਉ ਨੀਤੀ” ਅਪਣਾ ਰਹੀ ਹੈ, ਜਿਸਨੂੰ ਹੁਣ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਦੀ ਸੱਤਾ ਵਿੱਚ ਆਉਣ ਤੋਂ ਪਹਿਲਾਂ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੇ ਵੱਡੇ ਵਾਅਦੇ ਕੀਤੇ ਸਨ, ਪਰ ਚਾਰ ਸਾਲ ਬੀਤ ਜਾਣ ਦੇ ਬਾਵਜੂਦ ਵੀ ਕਿਸੇ ਵੀ ਕੱਚੇ ਕਰਮਚਾਰੀ ਨੂੰ ਪੱਕਾ ਨਹੀਂ ਕੀਤਾ ਗਿਆ। ਸਰਕਾਰੀ ਸਕੂਲਾਂ ਵਿੱਚ ਸੇਵਾ ਨਿਭਾ ਰਹੇ 3670 NSQF ਵੋਕੇਸ਼ਨਲ ਟ੍ਰੇਨਰਾਂ ਨੂੰ ਰੈਗੂਲਰ ਕਰਨ ਦੀ ਥਾਂ ਸਰਕਾਰ ਵੱਲੋਂ ਕੇਵਲ ਭਰੋਸੇ ਹੀ ਦਿੱਤੇ ਜਾ ਰਹੇ ਹਨ, ਜਿਸ ਕਾਰਨ ਅਧਿਆਪਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਫਰੰਟ ਆਗੂਆਂ ਨੇ ਦੱਸਿਆ ਕਿ ਸਿੱਖਿਆ ਵਿਭਾਗ, ਸਿੱਖਿਆ ਮੰਤਰੀ ਅਤੇ ਵਿੱਤ ਮੰਤਰੀ ਨਾਲ ਕਈ ਮੀਟਿੰਗਾਂ ਕਰਨ ਦੇ ਬਾਵਜੂਦ ਕੋਈ ਢੁਕਵਾਂ ਹੱਲ ਨਹੀਂ ਨਿਕਲਿਆ। ਫਰੰਟ ਦੀ ਮੁੱਖ ਮੰਗ ਹੈ ਕਿ ਸਰਕਾਰ ਪ੍ਰਾਈਵੇਟ ਕੰਪਨੀਆਂ ਨੂੰ ਬਾਹਰ ਕਰਕੇ NSQF ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਮਰਜ ਕਰੇ।
ਮਨਪ੍ਰੀਤ ਸਿੰਘ ਨੇ ਐਲਾਨ ਕੀਤਾ ਕਿ ਆਪਣੀਆਂ ਮੰਗਾਂ ਨੂੰ ਮਨਵਾਉਣ ਲਈ 9 ਮਈ ਨੂੰ ਸੰਗਰੂਰ ਵਿੱਚ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕੀਤਾ ਜਾਵੇਗਾ। ਇਸ ਦੌਰਾਨ ਸਰਕਾਰ ਦੇ ਝੂਠੇ ਵਾਅਦਿਆਂ ਅਤੇ ਵਿਭਾਗੀ ਅਧਿਕਾਰੀਆਂ ਦੀ ਕਾਰਗੁਜ਼ਾਰੀ ਨੂੰ ਲੋਕਾਂ ਸਾਹਮਣੇ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪਾਲਿਸੀ ਬਣਾਉਣ ਵਿੱਚ ਦੇਰੀ, ਤਨਖਾਹਾਂ ਸਮੇਂ ਸਿਰ ਨਾ ਮਿਲਣਾ, ਕਿਤਾਬਾਂ ਦੇਰੀ ਨਾਲ ਸਕੂਲਾਂ ਤੱਕ ਪਹੁੰਚਣਾ ਅਤੇ ਪੁਰਾਣੇ ਅਧਿਆਪਕਾਂ ਲਈ ਬਦਲੀ ਨੀਤੀ ਨਾ ਬਣਾਉਣਾ ਵੱਡੇ ਮੁੱਦੇ ਹਨ।
ਫਰੰਟ ਵੱਲੋਂ ਸਮੂਹ ਸੰਘਰਸ਼ਸ਼ੀਲ ਭਰਾਤਰੀ ਜਥੇਬੰਦੀਆਂ ਨੂੰ ਵੀ ਇਸ ਮਹਾਂ ਰੈਲੀ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਗਈ ਹੈ।
ਇਸ ਮੌਕੇ ਜਗਜੀਤ ਸਿੰਘ, ਕੁਲਵਿੰਦਰ ਸਿੰਘ, ਕੰਵਰਪਾਲ ਸਿੰਘ ਔਲਖ, ਮਨਵੀਰ ਸੰਧੂ, ਦਲਵਿੰਦਰ ਸਿੰਘ, ਸੱਤਪਾਲ ਸਿੰਘ, ਰਾਜਵੀਰ ਕੌਰ, ਗਗਨਦੀਪ ਕੌਰ, ਰਮਿੰਦਰ ਕੌਰ, ਜਸਦੀਪ ਕੌਰ, ਸ਼ਬਨਮ, ਸੰਦੀਪ ਕੌਰ ਅਤੇ ਹੋਰ ਵੋਕੇਸ਼ਨਲ ਅਧਿਆਪਕ ਹਾਜ਼ਰ ਸਨ।

0 Comments