ਸਰਹਿੰਦ, 21 ਅਗਸਤ (ਸਤਨਾਮ ਚੌਹਾਨ):- ਭਾਰਤ ਵਿਕਾਸ ਪਰਿਸ਼ਦ ਫਤਿਹਗੜ੍ਹ ਸਾਹਿਬ ਵੱਲੋਂ ਅਸ਼ਟਮੀ ਦੇ ਮੌਕੇ ਮੰਦਰ ਸ੍ਰੀ ਨੈਣਾ ਦੇਵੀ, ਸਰਹਿੰਦ ਸ਼ਹਿਰ ਵਿਖੇ ਪ੍ਰਧਾਨ ਸੰਜੀਵ ਸ਼ਰਮਾ ਦੀ ਅਗਵਾਈ ਹੇਠ ਤੁਲਸੀ ਦੇ ਬੂਟੇ ਵੰਡੇ ਗਏ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪਰਿਸ਼ਦ ਦੇ ਸਰਪ੍ਰਸਤ ਸੁਰੇਸ਼ ਭਾਰਦਵਾਜ ਨੇ ਦੱਸਿਆ ਕਿ ਭਾਰਤ ਵਿਕਾਸ ਪਰਿਸ਼ਦ ਵੱਲੋਂ 31 ਅਗਸਤ ਤੱਕ ਬੂਟੇ ਲਗਾਉਣ ਦੀ ਵੱਡੀ ਮੁਹਿੰਮ ਚਲਾਈ ਜਾ ਰਹੀ ਹੈ। ਇਸ ਤਹਿਤ ਸ਼ਹਿਰ ਦੇ ਵੱਖ-ਵੱਖ ਮੰਦਰਾਂ, ਗਊਸ਼ਾਲਾਵਾਂ, ਸ਼ਮਸ਼ਾਨ ਘਾਟਾਂ ਅਤੇ ਹੋਰ ਥਾਵਾਂ ’ਤੇ ਛਾਂਦਾਰ ਤੇ ਫਲਦਾਰ ਬੂਟੇ ਲਗਾਏ ਜਾ ਰਹੇ ਹਨ। ਇਸ ਮੁਹਿੰਮ ਦਾ ਉਦੇਸ਼ ਵਾਤਾਵਰਨ ਨੂੰ ਹਰਿਆ-ਭਰਿਆ ਬਣਾਉਣ ਦੇ ਨਾਲ-ਨਾਲ ਵੱਧ ਰਹੇ ਪ੍ਰਦੂਸ਼ਣ ਤੋਂ ਰਾਹਤ ਦਿਵਾਉਣਾ ਹੈ।
ਸੁਰੇਸ਼ ਭਾਰਦਵਾਜ ਨੇ ਕਿਹਾ ਕਿ ਪਰਿਸ਼ਦ ਦਾ ਮੁੱਖ ਮਨੋਰਥ ਮਾਨਵਤਾ ਦੀ ਸੇਵਾ ਕਰਨਾ ਹੈ। ਇਸੇ ਤਹਿਤ ਪਰਿਸ਼ਦ ਵੱਲੋਂ ਸਮੇਂ-ਸਮੇਂ ’ਤੇ ਖੂਨਦਾਨ ਕੈਂਪ, ਮੈਡੀਕਲ ਕੈਂਪ, ਅੱਖਾਂ ਦੇ ਆਪਰੇਸ਼ਨ ਅਤੇ ਹੋਰ ਧਾਰਮਿਕ ਤੇ ਸਮਾਜ ਸੇਵੀ ਕਾਰਜ ਕਰਵਾਏ ਜਾਂਦੇ ਹਨ, ਜਿਨ੍ਹਾਂ ਦਾ ਸ਼ਹਿਰ ਵਾਸੀਆਂ ਵੱਲੋਂ ਵੱਡੇ ਪੱਧਰ ’ਤੇ ਲਾਭ ਲਿਆ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਜਲਦ ਹੀ ਸ਼ਹਿਰ ਨਿਵਾਸੀਆਂ ਲਈ ਦੰਦਾਂ ਅਤੇ ਅੱਖਾਂ ਦਾ ਮੁਫ਼ਤ ਚੈਕਅਪ ਕੈਂਪ ਲਗਾਇਆ ਜਾਵੇਗਾ। ਇਸ ਦੌਰਾਨ ਲੋੜਵੰਦਾਂ ਨੂੰ ਨਜ਼ਰ ਵਾਲੀਆਂ ਐਨਕਾਂ, ਆਪਰੇਸ਼ਨ ਅਤੇ ਦਵਾਈਆਂ ਵੀ ਮੁਫ਼ਤ ਮੁਹੱਈਆ ਕਰਵਾਈਆਂ ਜਾਣਗੀਆਂ।
ਇਸ ਮੌਕੇ ਐਡਵੋਕੇਟ ਗੁਰਜੀਤ ਸਿੰਘ ਲੋਗੀ, ਵਿਜੇ ਪਾਠਕ, ਪਰਮਿੰਦਰ ਜੋਸ਼ੀ, ਸੰਜੀਵ ਸੂਦ, ਬਲਵੀਰ ਸਿੰਘ ਧਾਰਨੀ, ਸੰਜੀਵ ਕੁਮਾਰ ਦੀਪੂ, ਭਗਵਾਨ ਸਰੂਪ, ਹਰਮਿੰਦਰ ਸ਼ਰਮਾ, ਪਰਮਿੰਦਰ ਸਿੰਘ, ਨਵੀਨ ਕੁਮਾਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਰਿਸ਼ਦ ਦੇ ਆਗੂ ਅਤੇ ਮੈਂਬਰ ਹਾਜ਼ਰ ਸਨ।












0 Comments