ਪੈਨਸ਼ਨ ਵਿੱਚ ਵਾਧੇ, ਖਾਲੀ ਬੈਕਲਾਗ ਅਸਾਮੀਆਂ ਭਰਨ ਅਤੇ ਰਾਜਨੀਤਿਕ ਨੁਮਾਇੰਦਗੀ ਯਕੀਨੀ ਬਣਾਉਣ ਦੀ ਉਠਾਈ ਮੰਗ
ਚੰਡੀਗੜ੍ਹ, 17 ਅਕਤੂਬਰ (ਸਤਨਾਮ ਚੌਹਾਨ): ਦਿਵਿਆਂਗਜਨਾਂ ਦੇ ਹੱਕਾਂ, ਸਹੂਲਤਾਂ ਅਤੇ ਸਨਮਾਨਜਨਕ ਜੀਵਨ ਨਾਲ ਜੁੜੇ ਮੁੱਦਿਆਂ ਨੂੰ ਸਰਕਾਰ ਤੱਕ ਪਹੁੰਚਾਉਣ ਲਈ ਕਨਫੈਡਰੇਸ਼ਨ ਫਾਰ ਚੈਲੰਜਡ ਦੇ ਵਫ਼ਦ ਨੇ 11 ਅਕਤੂਬਰ ਨੂੰ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਦਿਵਿਆਂਗਜਨਾਂ ਦੀਆਂ ਵੱਖ-ਵੱਖ ਸਮੱਸਿਆਵਾਂ ਤੋਂ ਜਾਣੂ ਕਰਵਾਇਆ। ਮਨਜਿੰਦਰ ਸਿੰਘ, ਪ੍ਰਧਾਨ ਐਨ.ਜੀ.ਓ. ਸੈੱਲ, ਪੰਜਾਬ ਦੀ ਅਗਵਾਈ ਹੇਠ ਮਿਲੇ ਇਸ ਵਫ਼ਦ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਮ 31 ਨੁਕਾਤੀ ਮੰਗ-ਪੱਤਰ ਵੀ ਸੌਂਪਿਆ ਗਿਆ, ਜਿਸ ਵਿੱਚ ਦਿਵਿਆਂਗਜਨਾਂ ਦੀਆਂ ਸਮੱਸਿਆਵਾਂ ਦੇ ਹੱਲ ਅਤੇ ਉਨ੍ਹਾਂ ਨੂੰ ਬਰਾਬਰ ਦੇ ਅਧਿਕਾਰ ਤੇ ਮੌਕੇ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਗਈ।
ਕਨਫੈਡਰੇਸ਼ਨ ਦੇ ਪ੍ਰਧਾਨ ਮਨਮੋਹਨ ਜਰਗਰ ਨੇ ਸੰਸਦ ਮੈਂਬਰ ਨੂੰ ਦਿਵਿਆਂਗਜਨਾਂ ਨੂੰ ਦਰਪੇਸ਼ ਮੁਸ਼ਕਲਾਂ, ਉਨ੍ਹਾਂ ਦੀਆਂ ਲੋੜਾਂ ਅਤੇ ਅਧਿਕਾਰਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਵਫ਼ਦ ਨੇ ਮੰਗ ਕੀਤੀ ਕਿ ਦਿਵਿਆਂਗਜਨਾਂ ਦੀ ਪੈਨਸ਼ਨ ਵਿੱਚ ਵਾਧਾ ਕੀਤਾ ਜਾਵੇ, ਵੱਖ-ਵੱਖ ਸਰਕਾਰੀ ਵਿਭਾਗਾਂ ਵਿੱਚ ਖਾਲੀ ਪਈਆਂ ਬੈਕਲਾਗ ਅਸਾਮੀਆਂ ਨੂੰ ਭਰਿਆ ਜਾਵੇ ਅਤੇ ਉਨ੍ਹਾਂ ਲਈ ਰੁਜ਼ਗਾਰ ਦੇ ਢੁਕਵੇਂ ਮੌਕੇ ਯਕੀਨੀ ਬਣਾਏ ਜਾਣ। ਇਸ ਦੇ ਨਾਲ ਹੀ ਗ੍ਰਾਮ ਪੰਚਾਇਤ ਤੋਂ ਲੈ ਕੇ ਲੋਕ ਸਭਾ ਤੱਕ ਦਿਵਿਆਂਗਜਨਾਂ ਦੀ ਢੁਕਵੀਂ ਨੁਮਾਇੰਦਗੀ ਅਤੇ ਰਾਖਵੇਂਕਰਨ ਦੀ ਵਿਵਸਥਾ ਕਰਨ ਦਾ ਮੁੱਦਾ ਵੀ ਉਠਾਇਆ ਗਿਆ।
ਵਫ਼ਦ ਨੇ ਰੇਲਵੇ ਵਿੱਚ ਯਾਤਰਾ ਦੌਰਾਨ ਦਿਵਿਆਂਗਜਨਾਂ ਲਈ ਯੂ.ਡੀ.ਆਈ.ਡੀ. (UDID) ਕਾਰਡ ਨੂੰ ਮਾਨਤਾ ਦੇਣ ਅਤੇ ਸਰਕਾਰੀ ਸਹੂਲਤਾਂ ਤੇ ਯੋਜਨਾਵਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਦੀ ਮੰਗ ਕੀਤੀ। ਆਗੂਆਂ ਨੇ ਕਿਹਾ ਕਿ ਦਿਵਿਆਂਗਜਨਾਂ ਨੂੰ ਸਿਰਫ਼ ਕਾਗਜ਼ਾਂ ਤੱਕ ਸੀਮਤ ਸਹੂਲਤਾਂ ਦੀ ਬਜਾਏ ਅਮਲੀ ਤੌਰ ’ਤੇ ਬਰਾਬਰ ਦੇ ਮੌਕੇ, ਲੋੜੀਂਦੀਆਂ ਸਹੂਲਤਾਂ ਅਤੇ ਸਨਮਾਨਜਨਕ ਜੀਵਨ ਮਿਲਣਾ ਚਾਹੀਦਾ ਹੈ।
ਇਸ ਮੌਕੇ ਵਫ਼ਦ ਵੱਲੋਂ ਸ੍ਰਿਜਨ ਵਿਕਾਸ ਡੇਅ ਕੇਅਰ ਸੈਂਟਰ ਅਤੇ ਸਪੈਸ਼ਲ ਸਕੂਲ ਦੇ ਵਿਕਾਸ ਲਈ ਵੀ ਸੰਸਦ ਮੈਂਬਰ ਨੂੰ ਵੱਖਰਾ ਪੱਤਰ ਸੌਂਪਿਆ ਗਿਆ। ਇਸ ਪੱਤਰ ਰਾਹੀਂ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੀ ਸਿੱਖਿਆ, ਪੁਨਰਵਾਸ ਅਤੇ ਉਨ੍ਹਾਂ ਨੂੰ ਬਿਹਤਰ ਸਹੂਲਤਾਂ ਪ੍ਰਦਾਨ ਕਰਨ ਲਈ ਸਹਿਯੋਗ ਦੀ ਅਪੀਲ ਕੀਤੀ ਗਈ।
ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨੇ ਵਫ਼ਦ ਦੀਆਂ ਮੰਗਾਂ ਨੂੰ ਗੰਭੀਰਤਾ ਨਾਲ ਸੁਣਦਿਆਂ ਦਿਵਿਆਂਗਜਨਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਆਪਣੇ ਵੱਲੋਂ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਉਨ੍ਹਾਂ ਨੇ ਇਹ ਵੀ ਭਰੋਸਾ ਦਿਵਾਇਆ ਕਿ ਦਿਵਿਆਂਗਜਨਾਂ ਨਾਲ ਸਬੰਧਤ ਮਹੱਤਵਪੂਰਨ ਮੁੱਦਿਆਂ ਨੂੰ ਰਾਜ ਸਭਾ ਵਿੱਚ ਉਠਾ ਕੇ ਸਰਕਾਰ ਦਾ ਧਿਆਨ ਇਨ੍ਹਾਂ ਵੱਲ ਦਿਵਾਉਣ ਦਾ ਯਤਨ ਕਰਨਗੇ।
ਮੁਲਾਕਾਤ ਦੌਰਾਨ ਬਲਵਿੰਦਰ ਸਿੰਘ, ਰਮੇਸ਼ ਕੁਮਾਰ ਸੀ.ਆਰ., ਸੁਖਚੈਨ ਸਿੰਘ, ਜਸਵੰਤ ਸਿੰਘ, ਅਮਰੀਕ ਸਿੰਘ, ਗੁਰਵਿੰਦਰ ਸਿੰਘ ਸੋਹੀ ਅਤੇ ਰਮਨੀਸ਼ ਲਖਨਪਾਲ ਸਮੇਤ ਹੋਰ ਸਾਥੀ ਹਾਜ਼ਰ ਸਨ।
ਕਨਫੈਡਰੇਸ਼ਨ ਫਾਰ ਚੈਲੰਜਡ ਵੱਲੋਂ ਦਿਵਿਆਂਗਜਨਾਂ ਦੇ ਅਧਿਕਾਰਾਂ ਦੀ ਰਾਖੀ, ਉਨ੍ਹਾਂ ਨੂੰ ਬਰਾਬਰ ਦੇ ਮੌਕੇ ਦਿਵਾਉਣ ਅਤੇ ਸਮਾਜ ਵਿੱਚ ਸਨਮਾਨਜਨਕ ਸਥਾਨ ਯਕੀਨੀ ਬਣਾਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ।












0 Comments