ਨਗਰ ਕੌਂਸਲ ਪ੍ਰਧਾਨ ਆਸ਼ਾ ਰਾਣੀ ਕਰਨਗੇ ਪਹਿਲੇ ਦਿਨ ਦੀ ਸ਼ੁਰੂਆਤ, ਵਿਧਾਇਕ ਰਾਏ ਦੂਜੇ ਦਿਨ ਵੰਡਣਗੇ ਇਨਾਮ
ਫਤਹਿਗੜ੍ਹ ਸਾਹਿਬ, 17 ਅਕਤੂਬਰ (ਸਤਨਾਮ ਚੌਹਾਨ): ਸ਼੍ਰੀ ਰਾਮ ਦੁਸ਼ਹਿਰਾ ਐਂਡ ਟੂਰਨਾਮੈਂਟ ਕਮੇਟੀ ਸਰਹਿੰਦ ਸ਼ਹਿਰ ਵੱਲੋਂ ਦੁਸ਼ਹਿਰੇ ਦੇ ਤਿਉਹਾਰ ਮੌਕੇ ਅਮਰਦੀਪ ਸਿੰਘ ਦੀ ਅਗਵਾਈ ਹੇਠ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਦੁਸ਼ਹਿਰਾ ਗਰਾਊਂਡ, ਸਰਹਿੰਦ ਵਿਖੇ ਕਰਵਾਏ ਜਾ ਰਹੇ ਸਲਾਨਾ ਦੋ ਰੋਜ਼ਾ ਕਬੱਡੀ ਟੂਰਨਾਮੈਂਟ ਦਾ ਪੋਸਟਰ ਵਿਧਾਇਕ ਲਖਬੀਰ ਸਿੰਘ ਰਾਏ ਵੱਲੋਂ ਜਾਰੀ ਕੀਤਾ ਗਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਖੇਡਾਂ ਨਾਲ ਜੋੜਨ ਲਈ ਤਿਉਹਾਰਾਂ ਅਤੇ ਮੇਲਿਆਂ ਦੌਰਾਨ ਅਜਿਹੇ ਖੇਡ ਮੁਕਾਬਲੇ ਕਰਵਾਉਣਾ ਬੇਹੱਦ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਖੇਡਾਂ ਨੌਜਵਾਨਾਂ ਨੂੰ ਸਰੀਰਕ ਤੌਰ ’ਤੇ ਮਜ਼ਬੂਤ ਬਣਾਉਣ ਦੇ ਨਾਲ-ਨਾਲ ਅਨੁਸ਼ਾਸਨ, ਮਿਹਨਤ ਅਤੇ ਟੀਮ ਭਾਵਨਾ ਦੀ ਸਿੱਖਿਆ ਵੀ ਦਿੰਦੀਆਂ ਹਨ। ਖੇਡਾਂ ਵਿੱਚ ਅੱਗੇ ਵਧ ਕੇ ਨੌਜਵਾਨ ਆਪਣੇ ਮਾਪਿਆਂ ਅਤੇ ਦੇਸ਼ ਦਾ ਨਾਮ ਰੌਸ਼ਨ ਕਰ ਸਕਦੇ ਹਨ।
ਵਿਧਾਇਕ ਰਾਏ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬੇ ਵਿੱਚ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਵੱਖ-ਵੱਖ ਪੱਧਰਾਂ ’ਤੇ ਉਪਰਾਲੇ ਕੀਤੇ ਜਾ ਰਹੇ ਹਨ। ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ, ਗ੍ਰਾਮ ਪੰਚਾਇਤਾਂ ਅਤੇ ਸਮਾਜ ਸੇਵੀ ਜਥੇਬੰਦੀਆਂ ਵੱਲੋਂ ਵੀ ਖੇਡਾਂ ਦੇ ਪ੍ਰਚਾਰ ਅਤੇ ਪ੍ਰਸਾਰ ਵਿੱਚ ਯੋਗਦਾਨ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਟੂਰਨਾਮੈਂਟ ਨੌਜਵਾਨਾਂ ਨੂੰ ਆਪਣੀ ਖੇਡ ਪ੍ਰਤਿਭਾ ਦਿਖਾਉਣ ਲਈ ਵਧੀਆ ਮੰਚ ਪ੍ਰਦਾਨ ਕਰਦੇ ਹਨ।
ਇਸ ਮੌਕੇ ਟੂਰਨਾਮੈਂਟ ਪ੍ਰਬੰਧਕ ਅਮਰਦੀਪ ਸਿੰਘ, ਹਰਮਿੰਦਰ ਸੂਦ ਬਿੱਟੂ ਅਤੇ ਮੁਕੇਸ਼ ਕੁਮਾਰ ਮਿੱਕੀ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਦੋ ਰੋਜ਼ਾ ਕਬੱਡੀ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਪੰਜਾਬ ਦੀਆਂ ਵੱਖ-ਵੱਖ ਕਬੱਡੀ ਅਕੈਡਮੀਆਂ ਦੇ ਖਿਡਾਰੀ ਆਪਣੀ ਖੇਡ ਦੇ ਜੌਹਰ ਦਿਖਾਉਣਗੇ। ਟੂਰਨਾਮੈਂਟ ਦੌਰਾਨ 35, 40, 45, 50, 55 ਅਤੇ 62 ਕਿਲੋ ਭਾਰ ਵਰਗਾਂ ਤੋਂ ਇਲਾਵਾ ਆਲ ਓਪਨ ਕਬੱਡੀ ਦੇ ਮੁਕਾਬਲੇ ਵੀ ਕਰਵਾਏ ਜਾਣਗੇ। ਵੱਖ-ਵੱਖ ਵਰਗਾਂ ਦੇ ਜੇਤੂ ਖਿਡਾਰੀਆਂ ਨੂੰ ਆਕਰਸ਼ਕ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਵੇਗਾ।
ਪ੍ਰਬੰਧਕਾਂ ਨੇ ਦੱਸਿਆ ਕਿ ਟੂਰਨਾਮੈਂਟ ਦੇ ਪਹਿਲੇ ਦਿਨ ਦੀ ਰਸਮੀ ਸ਼ੁਰੂਆਤ ਨਗਰ ਕੌਂਸਲ ਸਰਹਿੰਦ ਦੀ ਪ੍ਰਧਾਨ ਆਸ਼ਾ ਰਾਣੀ ਕਰਨਗੇ, ਜਦਕਿ ਦੂਜੇ ਦਿਨ ਸਮਾਪਤੀ ਮੌਕੇ ਇਨਾਮ ਵੰਡ ਸਮਾਰੋਹ ਵਿਧਾਇਕ ਲਖਬੀਰ ਸਿੰਘ ਰਾਏ ਵੱਲੋਂ ਕੀਤਾ ਜਾਵੇਗਾ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਟੂਰਨਾਮੈਂਟ ਵਿੱਚ ਵੱਧ-ਚੜ੍ਹ ਕੇ ਸ਼ਮੂਲੀਅਤ ਕਰਨ ਅਤੇ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਕਰਨ ਦੀ ਅਪੀਲ ਕੀਤੀ।
ਇਸ ਮੌਕੇ ਰਾਜੇਸ਼ ਕੁਮਾਰ ਸ਼ਰਮਾ, ਚਰਨਜੀਤ ਸਿੰਘ ਚੰਨੀ, ਮੁਕੇਸ਼ ਕੁਮਾਰ ਮਿੱਕੀ, ਹੀਰਾ ਸਿੰਘ, ਹਰਬੰਸ ਸਿੰਘ ਢਾਡੀ, ਕੌਂਸਲਰ ਐਡਵੋਕੇਟ ਹਰਕਮਲ ਸਿੰਘ, ਪ੍ਰਿਤਪਾਲ ਸਿੰਘ ਜੱਸੀ, ਰਾਜੇਸ਼ ਉੱਪਲ, ਸਿੰਘ ਰਮੇਸ਼ ਕੁਮਾਰ ਸੋਨੂ, ਤਰਸੇਮ ਉੱਪਲ, ਮਨਦੀਪ ਪੋਲਾ, ਕੁਲਵਿੰਦਰ ਸਿੰਘ ਡੇਰਾ, ਗੁਰਵਿੰਦਰ ਸਿੰਘ, ਤਰਨਵੀਰ ਸਿੰਘ, ਜਗਜੀਤ ਸਿੰਘ ਰਿਓਣਾ ਅਤੇ ਸਤਬੀਰ ਸਿੰਘ ਜੱਲਾ ਸਮੇਤ ਹੋਰ ਪਤਵੰਤੇ ਹਾਜ਼ਰ ਸਨ।












0 Comments