ਪੰਜਾਬ ਭਰ ਦੀਆਂ ਅਕੈਡਮੀਆਂ ਦੇ ਖਿਡਾਰੀ ਦਿਖਾਉਣਗੇ ਜੌਹਰ
ਫਤਹਿਗੜ੍ਹ ਸਾਹਿਬ, 19 ਅਕਤੂਬਰ (ਸਤਨਾਮ ਚੌਹਾਨ): ਦੁਸ਼ਹਿਰੇ ਦੇ ਤਿਉਹਾਰ ਮੌਕੇ ਸ਼੍ਰੀ ਰਾਮ ਦੁਸ਼ਹਿਰਾ ਐਂਡ ਟੂਰਨਾਮੈਂਟ ਕਮੇਟੀ ਸਰਹਿੰਦ ਸ਼ਹਿਰ ਵੱਲੋਂ ਮੁੱਖ ਪ੍ਰਬੰਧਕ ਅਮਰਦੀਪ ਸਿੰਘ ਦੀ ਅਗਵਾਈ ਹੇਠ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਦੁਸ਼ਹਿਰਾ ਗਰਾਊਂਡ ਸਰਹਿੰਦ ਵਿਖੇ ਦੋ ਰੋਜ਼ਾ ਸਲਾਨਾ ਕਬੱਡੀ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਟੂਰਨਾਮੈਂਟ ਦੇ ਪਹਿਲੇ ਦਿਨ ਦੀ ਰਸਮੀ ਸ਼ੁਰੂਆਤ ਉੱਘੇ ਸਮਾਜ ਸੇਵਕ ਜਗਦੀਪ ਸਿੰਘ ਗਰਾਇਆ ਨੇ ਖਿਡਾਰੀਆਂ ਨਾਲ ਜਾਣ-ਪਛਾਣ ਕਰਕੇ ਕੀਤੀ।
ਇਸ ਮੌਕੇ ਜਗਦੀਪ ਸਿੰਘ ਗਰਾਇਆ ਨੇ ਕਿਹਾ ਕਿ ਖੇਡਾਂ ਨੌਜਵਾਨਾਂ ਨੂੰ ਸਿਹਤਮੰਦ ਰੱਖਣ ਦੇ ਨਾਲ-ਨਾਲ ਉਨ੍ਹਾਂ ਨੂੰ ਨਸ਼ਿਆਂ ਅਤੇ ਹੋਰ ਸਮਾਜਿਕ ਬੁਰਾਈਆਂ ਤੋਂ ਦੂਰ ਰੱਖਣ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਰਕਾਰ ਵੱਲੋਂ ਸਕੂਲਾਂ ਅਤੇ ਕਾਲਜਾਂ ਵਿੱਚ ਖੇਡ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਲਈ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਤਰ੍ਹਾਂ ਤਿਉਹਾਰਾਂ ਅਤੇ ਮੇਲਿਆਂ ਦੌਰਾਨ ਕਬੱਡੀ ਵਰਗੇ ਖੇਡ ਮੁਕਾਬਲੇ ਕਰਵਾਉਣ ਵਾਲੀਆਂ ਕਮੇਟੀਆਂ ਵੀ ਨੌਜਵਾਨ ਪੀੜ੍ਹੀ ਨੂੰ ਖੇਡ ਮੈਦਾਨਾਂ ਨਾਲ ਜੋੜ ਕੇ ਸਮਾਜ ਪ੍ਰਤੀ ਅਹਿਮ ਯੋਗਦਾਨ ਪਾ ਰਹੀਆਂ ਹਨ। ਉਨ੍ਹਾਂ ਪ੍ਰਬੰਧਕਾਂ ਨੂੰ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਵੀ ਦਿੱਤਾ।
ਇਸ ਦੌਰਾਨ ਟੂਰਨਾਮੈਂਟ ਕਮੇਟੀ ਵੱਲੋਂ ਮੁੱਖ ਮਹਿਮਾਨ ਜਗਦੀਪ ਸਿੰਘ ਗਰਾਇਆ ਤੋਂ ਇਲਾਵਾ ਉਨ੍ਹਾਂ ਦੇ ਨਾਲ ਪਹੁੰਚੇ ਸਰਪ੍ਰੀਤ ਸਿੰਘ ਪੁਨੀਆ ਅਤੇ ਚਰਨਜੀਤ ਸਿੰਘ ਠੇਕੇਦਾਰ ਦਾ ਸਨਮਾਨ ਕੀਤਾ ਗਿਆ।
ਮੁੱਖ ਪ੍ਰਬੰਧਕ ਅਮਰਦੀਪ ਸਿੰਘ ਨੇ ਦੱਸਿਆ ਕਿ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਦੋ ਰੋਜ਼ਾ ਕਬੱਡੀ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਪੰਜਾਬ ਦੀਆਂ ਵੱਖ-ਵੱਖ ਕਬੱਡੀ ਅਕੈਡਮੀਆਂ ਦੇ ਖਿਡਾਰੀ ਭਾਗ ਲੈ ਰਹੇ ਹਨ। ਟੂਰਨਾਮੈਂਟ ਦੌਰਾਨ 35, 40, 45, 50, 55 ਅਤੇ 62 ਕਿਲੋ ਭਾਰ ਵਰਗਾਂ ਤੋਂ ਇਲਾਵਾ ਆਲ ਓਪਨ ਕਬੱਡੀ ਦੇ ਮੁਕਾਬਲੇ ਵੀ ਕਰਵਾਏ ਜਾਣਗੇ। ਵੱਖ-ਵੱਖ ਵਰਗਾਂ ਵਿੱਚ ਜੇਤੂ ਰਹਿਣ ਵਾਲੇ ਖਿਡਾਰੀਆਂ ਨੂੰ ਆਕਰਸ਼ਕ ਇਨਾਮਾਂ ਨਾਲ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਟੂਰਨਾਮੈਂਟ ਦੇ ਦੂਜੇ ਦਿਨ ਇਨਾਮ ਵੰਡ ਸਮਾਰੋਹ ਵਿਧਾਇਕ ਲਖਬੀਰ ਸਿੰਘ ਰਾਏ ਵੱਲੋਂ ਕੀਤਾ ਜਾਵੇਗਾ।
ਇਸ ਮੌਕੇ ਰਾਜੇਸ਼ ਕੁਮਾਰ ਸ਼ਰਮਾ, ਚਰਨਜੀਤ ਸਿੰਘ ਚੰਨੀ, ਮੁਕੇਸ਼ ਕੁਮਾਰ ਮਿੱਕੀ, ਹੀਰਾ ਸਿੰਘ, ਹਰਬੰਸ ਸਿੰਘ ਢਾਡੀ, ਗੁਰਵਿੰਦਰ ਸਿੰਘ, ਤਰਨਵੀਰ ਸਿੰਘ, ਗੁਰਤੇਜ ਸਿੰਘ ਕੋਟੜਾ, ਸਨੀ ਪਪੜੌਦੀ ਸਮੇਤ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀ ਹਾਜ਼ਰ ਸਨ।












0 Comments