ਫਤਹਿਗੜ੍ਹ ਸਾਹਿਬ, 12 ਅਕਤੂਬਰ ( ਸਤਨਾਮ ਚੌਹਾਨ, ਕੁਲਦੀਪ ਬਾਲਪੁਰ ):- ਅਸ਼ੋਕਾ ਸੀਨੀਅਰ ਸੈਕੰਡਰੀ ਸਕੂਲ, ਸਰਹਿੰਦ ਮੰਡੀ ਵਿਖੇ ਜ਼ਿਲ੍ਹਾ ਲਿਖਾਰੀ ਸਭਾ, ਸ਼੍ਰੀ ਫ਼ਤਿਹਗੜ੍ਹ ਸਾਹਿਬ ਦੀ ਮਹੀਨੇਵਾਰ ਮਿਲਣੀ ਕਰਵਾਈ ਗਈ। ਇਸ ਮੌਕੇ ਗੁਰਨਾਮ ਸਿੰਘ ਬਿਜਲੀ ਅਤੇ ਪ੍ਰਿਤਪਾਲ ਸਿੰਘ ਭੜੀ ਮੰਚ 'ਤੇ ਸੁਸ਼ੋਭਿਤ ਰਹੇ ਜਦਕਿ ਸਮਾਗਮ ਦਾ ਮੰਚ ਸੰਚਾਲਨ ਸਭਾ ਦੇ ਜਨਰਲ ਸਕੱਤਰ ਹਰਜਿੰਦਰ ਸਿੰਘ ਗੋਪਾਲੋਂ ਨੇ ਕੀਤਾ। ਇੱਥੇ ਜ਼ਿਕਰਯੋਗ ਹੈ ਕਿ ਜ਼ਿਲ੍ਹਾ ਲਿਖਾਰੀ ਸਭਾ ਦੀ ਪ੍ਰਧਾਨ ਬੀਬੀ ਪਰਮਜੀਤ ਕੌਰ ਸਰਹਿੰਦ ਵਿਦੇਸ਼ ਵਿੱਚ ਹੋਣ ਕਾਰਨ ਇਸ ਮਿਲਣੀ ਵਿੱਚ ਹਾਜ਼ਰ ਨਹੀਂ ਹੋ ਸਕੇ। ਸਮਾਗਮ ਦੀ ਸ਼ੁਰੂਆਤ ਮਸ਼ਹੂਰ ਫਿਲਮ ਐਕਟਰ ਤੇ ਕਮੇਡੀਅਨ ਜਸਵਿੰਦਰ ਭੱਲਾ, ਸੰਗੀਤ ਸਮਰਾਟ ਚਰਨਜੀਤ ਆਹੂਜਾ, ਸੜਕੀ ਅੱਤਵਾਦ ਦਾ ਸ਼ਿਕਾਰ ਹੋਏ ਮਸ਼ਹੂਰ ਪੰਜਾਬੀ ਲੋਕ ਗਾਇਕ ਰਾਜਵੀਰ ਸਿੰਘ ਜਵੰਦਾ ਅਤੇ ਇੰਟਰਨੈਸ਼ਨਲ ਬਾਡੀ ਬਿਲਡਰ ਵਰਿੰਦਰ ਘੁੰਮਣ ਦੀ ਮੌਤ 'ਤੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਕੇ ਕੀਤੀ ਤੇ ਉਹਨਾਂ ਦੀ ਯਾਦ ਵਿੱਚ ਦੋ ਮਿੰਟ ਦਾ ਮੌਨ ਧਾਰਨ ਕੀਤਾ। ਇਸ ਉਪਰੰਤ ਸਭਾ ਵਿੱਚ ਪਹਿਲੀ ਵਾਰ ਪਹੁੰਚੇ ਸ਼ਾਇਰ ਐਡ. ਵਿਵੇਕ ਨਾਰਦ ਤੇ ਨਾਹਰ ਸਿੰਘ ਦਾ ਵਿਸ਼ੇਸ਼ ਤੌਰ 'ਤੇ ਸਵਾਗਤ ਕੀਤਾ ਗਿਆ। ਇਸ ਮੌਕੇ ਪ੍ਰਿਤਪਾਲ ਸਿੰਘ ਭੜੀ ਦੇ ਘਰ ਪੋਤਾ ਹੋਣ ਦੀ ਖੁਸ਼ੀ ਵਿੱਚ ਚਾਹ ਪਾਰਟੀ ਦੀ ਸੇਵਾ ਉਹਨਾਂ ਵੱਲੋਂ ਕੀਤੀ ਗਈ। ਇਸ ਮੌਕੇ ਸੁਖਵੰਤ ਸਿੰਘ ਭੱਟੀ ਨੇ 'ਮੈਂ ਨੂੰ ਮੈਂ ਤੋਂ ਵਿਛੜੇ', ਸਿਮਰਨਜੀਤ ਸਿੰਘ ਨੇ 'ਬੂਹੇ ਛੱਡੇ, ਬਾਰੀਆਂ ਛੱਡੀਆਂ', ਹਰਜਿੰਦਰ ਸਿੰਘ ਘੁੰਮਣ ਨੇ 'ਘੁੰਮਣ ਪਿਆਰਿਆ', ਪ੍ਰਿਤਪਾਲ ਸਿੰਘ ਭੜੀ ਨੇ 'ਨਾ ਸਾੜੀ ਨਾੜ ਪਰਾਲੀ ਦੇ', ਐਡ. ਵਿਵੇਕ ਨਾਰਦ ਨੇ ਸ਼ੇਅਰ, ਗੁਰਨਾਮ ਸਿੰਘ ਬਿਜਲੀ ਨੇ ਦੁਸਹਿਰੇ ਨਾਲ ਸੰਬੰਧਿਤ 'ਤਹਿਜੀਬ' ਅਤੇ ਗਜ਼ਲਗੋ ਅਵਤਾਰ ਸਿੰਘ ਪੁਆਰ ਨੇ ਛੋਟੀ ਬਹਿਰ ਦੀ ਗਜ਼ਲ ਸੁਣਾ ਕੇ ਰੰਗ ਬੰਨ੍ਹ ਦਿੱਤਾ। ਬਲਤੇਜ ਸਿੰਘ ਬਠਿੰਡਾ ਨੇ 'ਸਿਵਿਆਂ 'ਤੇ ਮੇਲੇ ਲੱਗਦੇ', ਅਜਮੇਰ ਸਿੰਘ ਮਾਨ ਨੇ ਇੱਕ ਵਿਧਵਾ ਔਰਤ ਦੀ ਵੇਦਨਾ ਭਰਿਆ ਗੀਤ ਅਤੇ ਅਮਰਬੀਰ ਸਿੰਘ ਚੀਮਾ ਨੇ ਪ੍ਰਦੇਸ ਗਈ ਧੀ ਵੱਲੋਂ ਆਪਣੇ ਮਾਪਿਆਂ ਨਾਲ ਕੀਤੀ ਵਾਰਤਾਲਾਪ 'ਧੀ ਤੇ ਮਾਪੇ' ਸੁਣਾ ਕੇ ਮਾਹੌਲ ਨੂੰ ਭਾਵੁਕ ਬਣਾ ਦਿੱਤਾ। ਉਪਰੰਤ ਪ੍ਰੋ. ਸਾਧੂ ਸਿੰਘ ਪਨਾਗ ਨੇ ਆਪਣੀ ਬੁਲੰਦ ਆਵਾਜ਼ ਵਿੱਚ 'ਹੀਰ ਸਲੇਟੀ' ਨਾਮਕ ਕਲੀ ਅਤੇ ਹਰਜਿੰਦਰ ਸਿੰਘ ਗੋਪਾਲੋਂ ਨੇ 'ਕੁਦਰਤ ਦੇ ਨਾਲ ਪੰਗੇ' ਗੀਤ ਗਾ ਕੇ ਸਮਾਗਮ ਨੂੰ ਸਿਖਰਾਂ 'ਤੇ ਪਹੁੰਚਾ ਦਿੱਤਾ। ਇਸ ਮੌਕੇ ਜ਼ਿਲ੍ਹਾ ਲਿਖਾਰੀ ਸਭਾ ਵੱਲੋਂ ਸਭਾ ਦੇ ਮੈਂਬਰਾਂ ਦਾ ਸਾਂਝਾ ਕਾਵਿ ਸੰਗ੍ਰਹਿ ਛਪਵਾਉਣ ਅਤੇ ਲਿਖਾਰੀ ਸਭਾ ਦੇ ਅਣਥੱਕ ਸੇਵਾਦਾਰ ਸਵ. ਮੈਨੇਜਰ ਊਧਮ ਸਿੰਘ ਦੀ ਯਾਦ ਵਿੱਚ ਸਮਾਗਮ ਕਰਵਾਉਣ ਸਬੰਧੀ ਵੀ ਵਿਚਾਰਾਂ ਕੀਤੀਆਂ ਗਈਆਂ।ਸਮਾਗਮ ਦੇ ਅਖੀਰ ਵਿੱਚ ਹਰਜਿੰਦਰ ਸਿੰਘ ਗੋਪਾਲੋਂ ਵੱਲੋਂ ਸੁਣਾਈਆਂ ਰਚਨਾਵਾਂ ਦੀ ਸਮੀਖਿਆ ਕੀਤੀ ਗਈ ਅਤੇ ਪਹੁੰਚੇ ਕਵੀਆਂ ਤੇ ਸਰੋਤਿਆਂ ਦਾ ਧੰਨਵਾਦ ਕੀਤਾ ਗਿਆ। ਕੁੱਲ ਮਿਲਾ ਕੇ ਇਹ ਸਮਾਗਮ ਯਾਦਗਾਰੀ ਹੋ ਨਿਬੜਿਆ।

0 Comments