BREAKING NEWS

6/recent/ticker-posts

ਮਾਪੇ-ਅਧਿਆਪਕ ਮਿਲਣੀ ਵਿੱਚ ਵਿਦਿਆਰਥੀਆਂ ਤੇ ਮਾਪਿਆਂ ਨੇ ਉਤਸ਼ਾਹ ਨਾਲ ਲਿਆ ਭਾਗ

ਫ਼ਤਹਿਗੜ੍ਹ ਸਾਹਿਬ, 17 ਅਕਤੂਬਰ: (ਸਤਨਾਮ ਚੌਹਾਨ, ਕੁਲਦੀਪ ਬਾਲਪੁਰ):- ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਦੂਰ ਅੰਦੇਸ਼ੀ ਸੋਚ ਸਦਕਾ ਸਰਕਾਰੀ ਸਕੂਲਾਂ ਵਿੱਚ ਸ਼ੁਰੂ ਕੀਤੀ ਮਾਪੇ-ਅਧਿਆਪਕ ਮਿਲਣੀ ਵਿੱਚ ਵਿਦਿਆਰਥੀਆਂ ਤੇ ਮਾਪਿਆਂ ਨੇ ਉਤਸ਼ਾਹ ਨਾਲ ਭਾਗ ਲਿਆ ਅਤੇ ਪੰਜਾਬ ਸਰਕਾਰ ਦੇ ਇਸ ਉਪਰਾਲੇ ਦੀ ਮਾਪਿਆਂ ਨੇ ਭਰਪੂਰ ਸ਼ਲਾਘਾ ਕੀਤੀ। 

 ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਰਵਿੰਦਰ ਕੌਰ ਨੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮੰਡੀ ਗੋਬਿੰਦਗੜ੍ਹ ਅਤੇ ਪੀ.ਐਮ.ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਮੰਡੀ ਗੋਬਿੰਦਗੜ੍ਹ ਅਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਦੀਦਾਰ ਸਿੰਘ ਮਾਂਗਟ ਨੇ ਸਰਕਾਰੀ ਮਿਡਲ ਸਕੂਲ ਭੱਟਮਾਜਰਾ, ਸਰਕਾਰੀ ਹਾਈ ਸਕੂਲ ਸਾਧੂਗੜ੍ਹ, ਸਰਕਾਰੀ ਮਿਡਲ ਸਕੂਲ ਹਿੰਦੂਪੁਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੇੜਾ ਦਾ ਦੌਰਾ ਕੀਤਾ ਅਤੇ ਬੱਚਿਆਂ ਦੀਆਂ ਵਿਦਿਅਕ ਗਤੀਵਿਧੀਆਂ ਬਾਰੇ ਮਾਪਿਆਂ ਨਾਲ ਗੱਲਬਾਤ ਕੀਤੀ। 

ਇਸ ਮੌਕੇ ਸਤੰਬਰ ਦੀ ਪ੍ਰੀਖਿਆ ਵਿੱਚ ਵਧੀਆ ਅੰਕ ਹਾਸਲ ਕਰਨ ਵਾਲੇ ਬੱਚਿਆਂ ਦਾ ਸਨਮਾਨ ਵੀ ਕੀਤਾ ਗਿਆ। 

ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਰਵਿੰਦਰ ਕੌਰ ਨੇ ਕਿਹਾ ਕਿ ਸਿੱਖਿਆ ਵਿਭਾਗ ਪੰਜਾਬ ਵੱਲੋਂ ਮਾਪੇ-ਅਧਿਆਪਕ ਮਿਲਣੀ ਕਰਵਾਉਣਾ ਸ਼ਲਾਘਾਯੋਗ ਉਪਰਾਲਾ ਹੈ ਜਿਸ ਨਾਲ ਮਾਪਿਆਂ ਅਤੇ ਅਧਿਆਪਕਾਂ ਦਰਮਿਆਨ ਵਿਚਾਰ ਵਟਾਂਦਰਾ ਹੁੰਦਾ ਹੈ ਜਿਸ ਨਾਲ ਵਿਦਿਆਰਥੀਆਂ ਦੇ ਭਵਿੱਖ ਨੂੰ ਨਿਖਾਰਨ ਵਿੱਚ ਮਦਦ ਮਿਲਦੀ ਹੈ। ਉਨ੍ਹਾਂ ਕਿਹਾ ਕਿ ਮਾਪੇ-ਅਧਿਆਪਕ ਮਿਲਣੀ, ਮਾਪਿਆਂ ਵੱਲੋਂ ਆਪਣੇ ਬੱਚਿਆਂ ਦੇ ਭਵਿੱਖ ਬਾਰੇ ਯੋਜਨਾਵਾਂ ਉਲੀਕਣ ਵਿੱਚ ਵੀ ਸਹਾਈ ਹੁੰਦੀ ਹੈ। 

 ਜ਼ਿਲ੍ਹਾ ਸਿੱਖਿਆ ਅਫਸਰ ਨੇ ਅਧਿਆਪਕਾਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਅਧਿਆਪਕ ਸਮਾਜ ਦੇ ਨਿਰਮਾਤਾ ਹੁੰਦੇ ਹਨ ਇਸ ਲਈ ਅਧਿਆਪਕਾਂ ਦਾ ਇਹ ਫਰਜ਼ ਬਣਦਾ ਹੈ ਕਿ ਉਹ ਵਿਦਿਆਰਥੀਆਂ ਨਾਲ ਪਰਿਵਾਰਕ ਸਾਂਝ ਬਣਾ ਕੇ ਉਨ੍ਹਾਂ ਨੂੰ ਸਮਾਜ ਦੇ ਹਰੇਕ ਖੇਤਰ ਵਿੱਚ ਅੱਗੇ ਵਧਣ ਲਈ ਮਾਰਗ ਦਰਸ਼ਨ ਕਰਨ। ਉਨ੍ਹਾਂ ਅਧਿਆਪਕਾਂ ਨੂੰ ਇਹ ਵੀ ਕਿਹਾ ਕਿ ਸਕੂਲਾਂ ਵਿੱਚ 100 ਫੀਸਦੀ ਬੱਚਿਆਂ ਦੀ ਹਾਜ਼ਰੀ ਯਕੀਨੀ ਬਣਾਈ ਜਾਵੇ ਅਤੇ ਵਿਦਿਆਰਥੀਆਂ ਦੀ ਨਿਰੰਤਰ ਹੱਲਾਸ਼ੇਰੀ ਕਰਕੇ ਉਹਨਾਂ ਦੇ ਹੁਨਰ ਨੂੰ ਤਰਾਸ਼ਿਆ ਜਾਵੇ। 
ਸਿੱਖਿਆ ਵਿਭਾਗ ਦੀਆਂ ਹੋਰ ਟੀਮਾਂ ਨੇ ਵੀ ਵੱਖ-ਵੱਖ ਸਕੂਲਾਂ ਵਿੱਚ ਆਯੋਜਿਤ ਮਾਪੇ-ਅਧਿਆਪਕ ਮਿਲਣੀ ਵਿੱਚ ਸ਼ਮੂਲੀਅਤ ਕੀਤੀ।

Post a Comment

0 Comments