ਫਤਿਹਗੜ੍ਹ ਸਾਹਿਬ 21 ਅਕਤੂਬਰ (ਸਤਨਾਮ ਚੌਹਾਨ ਕੁਲਦੀਪ ਬਾਲਪੁਰ ):- ਸਥਾਨਕ ਜ਼ਿਲ੍ਹੇ ਦੀ ਰਹਿਣ ਵਾਲੀ ਅਮਨਦੀਪ ਕੌਰ ਨੇ ਏਸ਼ੀਅਨ ਰਗਬੀ ਲੀਗ ਦੇ ਵਿੱਚ ਗੋਲਡ ਮੈਡਲ ਹਾਸਲ ਕਰਕੇ ਜਿੱਥੇ ਦੇਸ਼ ਅਤੇ ਸੂਬੇ ਦਾ ਨਾਮ ਰੌਸ਼ਨ ਕੀਤਾ, ਉੱਥੇ ਹੀ ਆਪਣੇ ਮਾਪਿਆਂ ਦੇ ਨਾਮ ਨੂੰ ਵੀ ਚਾਰ-ਚੰਦ ਲਾਏ ਹਨ। ਜਿੱਤਣ ਉਪਰੰਤ ਜਦੋਂ ਅਮਨਦੀਪ ਕੌਰ ਪਿੰਡ ਪਹੁੰਚੀ ਤਾਂ ਵਿਧਾਇਕ ਲਖਬੀਰ ਸਿੰਘ ਰਾਏ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਲੜਕੀ ਦਾ ਸਨਮਾਨ ਕੀਤਾ। ਇਸ ਮੌਕੇ ਵਿਧਾਇਕ ਲਖਬੀਰ ਸਿੰਘ ਰਾਏ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਮਨਦੀਪ ਕੌਰ ਨੇ ਬਹੁਤ ਵੱਡਾ ਕਾਰਜ ਕੀਤਾ ਹੈ ਇਸ ਦੇ ਲਈ ਮਾਪੇ ਅਤੇ ਪਿੰਡ ਵਾਸੀ ਵਧਾਈ ਦੇ ਪਾਤਰ ਹਨ। ਉਹਨਾਂ ਕਿਹਾ ਕਿ ਲੜਕੀ ਦੇ ਹੌਸਲੇ ਨੂੰ ਦਾਤ ਦੇਣੀ ਚਾਹੀਦੀ ਹੈ ਜਿਸ ਨੇ ਇੰਨੇ ਵੱਡੇ ਪੱਧਰ ਤੇ ਹਿੱਸਾ ਲੈ ਕੇ ਦੇਸ਼ ਨੂੰ ਗੋਲਡ ਦਵਾਇਆ ਹੈ। ਅਸੀਂ ਆਸ ਕਰਦੇ ਹਾਂ ਕਿ ਅਮਨਦੀਪ ਕੌਰ ਇਸੇ ਤਰ੍ਹਾਂ ਦੇਸ਼ ਦੇ ਲਈ ਖੇਡਦੀ ਰਹੇਗੀ ਅਤੇ ਹੋਰ ਨਾਮਣਾ ਖਟੇਗੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਕੋਚ ਸੰਦੀਪ ਕੁਮਾਰ ਨੇ ਦੱਸਿਆ ਕਿ ਅਮਨਦੀਪ ਕੌਰ ਪੁੱਤਰੀ ਮਲੂਕ ਸਿੰਘ ਵਾਸੀ ਪਿੰਡ ਧੀਰਪੁਰ ਜਿਲਾ ਫਤਿਹਗੜ੍ਹ ਸਾਹਿਬ 2021 ਤੋਂ ਰਗਬੀ ਖੇਡਦੀ ਆ ਰਹੀ ਹੈ। ਖੇਡਾਂ ਵਤਨ ਪੰਜਾਬ ਦੀਆਂ, ਖੇਡਾਂ ਦੌਰਾਨ ਅਮਨਦੀਪ ਕੌਰ ਦੋ ਵਾਰੀ ਸਟੇਟ ਚੋਂ ਗੋਲਡ ਹਾਸਲ ਕਰ ਚੁੱਕੀ ਹੈ, ਇਸ ਤੋਂ ਇਲਾਵਾ ਸੀਨੀਅਰ ਸਟੇਟ ਦੇ ਵਿੱਚ ਵੀ ਦੋ ਗੋਲਡ ਹਾਸਲ ਕੀਤੇ ਹਨ। ਉਹਨਾਂ ਦੱਸਿਆ ਕਿ ਖੇਲੋ ਇੰਡੀਆ ਅਸਮੀਤ ਲੀਗ, ਜੋ ਕਿ ਅੰਮ੍ਰਿਤਸਰ ਵਿਖੇ ਹੋਈ ਸੀ, ਉਹਨਾਂ ਖੇਡਾਂ ਦੇ ਵਿੱਚ ਕਲੱਬ ਵੱਲੋਂ ਜਦੋਂ ਅਮਨਦੀਪ ਕੌਰ ਨੇ ਹਿੱਸਾ ਲਿਆ ਤਾਂ ਉਹਨਾਂ ਖੇਡਾਂ ਦੇ ਵਿੱਚ ਵੀ ਗੋਲਡ ਹਾਸਲ ਕੀਤਾ। ਇਹਨਾਂ ਖੇਡਾਂ ਉਪਰੰਤ ਸਾਲ 2025 ਜੁਲਾਈ ਦੇ ਵਿੱਚ ਅਮਨਦੀਪ ਕੌਰ ਦੀ ਇੰਡੀਆ ਕੈਂਪ ਦੇ ਲਈ ਸਲੈਕਸ਼ਨ ਹੋ ਗਈ ਸੀ। ਹਾਲ ਹੀ ਦੇ ਵਿੱਚ ਹੋਈਆਂ ਏਸ਼ੀਅਨ ਰਗਬੀ ਲੀਗ ਜਿਸ ਦੇ ਮੈਚ ਥਾਈਲੈਂਡ, ਚਾਈਨਾ, ਸ੍ਰੀ ਲੰਕਾ ਸਮੇਤ ਵੱਖ ਵੱਖ ਦੇਸ਼ਾਂ ਦੇ ਵਿੱਚ ਹੋਏ ਸਨ। ਇਸ ਲੀਗ ਦੇ ਦੌਰਾਨ ਵੀ ਅਮਨਦੀਪ ਕੌਰ ਨੇ ਗੋਲਡ ਹਾਸਲ ਕਰਕੇ ਭਾਰਤ ਦਾ ਨਾਮ ਰੋਸ਼ਨ ਕੀਤਾ ਹੈ। ਉਸ ਦੇ ਪਿੰਡ ਪਹੁੰਚਣ ਤੇ ਪਿੰਡ ਵਾਸੀਆਂ ਵੱਲੋਂ ਢੋਲ ਨਾਲ ਅਮਨਦੀਪ ਕੌਰ ਦਾ ਸਵਾਗਤ ਕੀਤਾ।
ਇਸ ਮੌਕੇ ਅਮਨਦੀਪ ਕੌਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਆਪਣੇ ਕੋਚ ਸੰਦੀਪ ਕੁਮਾਰ ਅਤੇ ਪਰਿਵਾਰ ਦੇ ਤਹਿ ਦਿਲੋਂ ਧੰਨਵਾਦੀ ਹਨ, ਉਹਨਾਂ ਦੇ ਸਹਿਯੋਗ ਸਦਕਾ ਹੀ ਇਸ ਮੁਕਾਮ ਤੱਕ ਪਹੁੰਚੀ ਹਾਂ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਪੰਚ ਰਣਧੀਰ ਸਿੰਘ, ਕੁਲਦੀਪ ਸਿੰਘ, ਬਲਵਿੰਦਰ ਸਿੰਘ, ਅਮਰਿੰਦਰ ਸਿੰਘ ਮਡੋਫ਼ਲ, ਅਮਰਜੀਤ ਸਿੰਘ ਅਨੈਤਪੁਰਾ, ਕੁਲਵੀਰ ਸਿੰਘ ਰੰਧਾਵਾ, ਸੁਰਿੰਦਰ ਸਿੰਘ, ਰਜਿੰਦਰ ਸਿੰਘ, ਪੀਏ ਸਤੀਸ਼ ਲੁਟੌਰ, ਸਰਪੰਚ ਜੋਤੀ ਸਾਧੂਗੜ ਤੋਂ ਇਲਾਵਾ ਵੱਡੀ ਗਿਣਤੀ ਦੇ ਵਿੱਚ ਇਲਾਕਾ ਨਿਵਾਸੀ ਹਾਜ਼ਰ ਸਨ।

0 Comments