ਫ਼ਤਹਿਗੜ੍ਹ ਸਾਹਿਬ, 09 ਅਕਤੂਬਰ (ਸਤਨਾਮ ਚੌਹਾਨ, ਕੁਲਦੀਪ ਬਾਲਪੁਰ):-
ਭਾਰਤ ਦੇ ਚੋਣ ਕਮਿਸ਼ਨ ਵੱਲੋਂ ਆਮ ਲੋਕਾਂ ਅਤੇ ਵੋਟਰਾਂ ਦੀ ਸਹੂਲਤ ਲਈ ਵੋਟਰ ਸਰਵਿਸ ਪੋਰਟਲ ’ਤੇ ਨਵੇਂ ਮਡਿਊਲ " ਬੁੱਕ ਏ ਕਾਲ ਵਿਦ ਬੀ.ਐਲ.ਓ." ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਰਾਹੀਂ ਆਮ ਨਾਗਰਿਕਾਂ/ਵੋਟਰਾਂ ਨੂੰ ਵੋਟਰ ਸੂਚੀਆਂ ਸਬੰਧੀ ਫਾਰਮਾਂ ਦੀ ਜਾਣਕਾਰੀ, ਵੋਟਰ ਸ਼ਨਾਖਤੀ ਕਾਰਡ, ਵੋਟਰ ਸਲਿੱਪਾਂ, ਚੋਣਾਂ ਆਦਿ ਲਈ ਆਪਣੇ ਮਸਲਿਆਂ ਦਾ ਹੱਲ ਬੂਥ ਲੈਵਲ ਅਫਸਰ ਪਾਸੋਂ ਪ੍ਰਾਪਤ ਕਰ ਸਕਦੇ ਹਨ।
ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਡਾ: ਸੋਨਾ ਥਿੰਦ ਨੇ ਦੱਸਿਆ ਕਿ ਜਦੋਂ ਵੀ ਕੋਈ ਨਾਗਰਿਕ ਵੋਟਰ ਸਰਵਿਸ ਪੋਰਟਲ ’ਤੇ " ਬੁੱਕ ਏ ਕਾਲ ਵਿਦ ਬੀ.ਐਲ.ਓ. " ਦੀ ਆਪਸ਼ਨ ਰਾਹੀਂ ਕਾਲ ਬੁੱਕ ਕਰੇਗਾ ਤਾਂ ਬੀ.ਐਲ.ਓ. ਤੇ ਪ੍ਰਾਰਥੀ ਦੋਵਾਂ ਨੂੰ ਕਾਲ ਬੁੱਕ ਕਰਨ ਲਈ ਇੱਕ ਟੈਕਸਟ ਮੈਸੇਜ ਪ੍ਰਾਪਤ ਹੋਵੇਗਾ। ਬੂਥ ਲੈਵਲ ਅਫਸਰ ਪ੍ਰਾਰਥੀ ਨੂੰ ਫੋਨ ਕਰਕੇ ਉਸ ਦੀ ਸਮੱਸਿਆ ਦਾ ਹੱਲ ਕਰੇਗਾ। ਉਨ੍ਹਾਂ ਦੱਸਿਆ ਕਿ ਇਸ ਉਪਰੰਤ ਬੂਥ ਲੈਵਲ ਅਫਸਰ ਐਪ 'ਤੇ ਕਾਲ ਰਿਕੁਐਸਟ ਆਪਸ਼ਨ ਵਿੱਚ ਜਾ ਕੇ ਕਨਟੈਕਟਿਡ ਬਟਨ ਤੇ ਕਲਿੱਕ ਕਰਕੇ ਸਟੇਟਸ ਅਪਡੇਟ ਕਰੇਗਾ। ਜੇਕਰ ਪ੍ਰਾਰਥੀ ਨੂੰ ਕਾਲ ਰਸੀਵ ਨਹੀਂ ਹੁੰਦੀ ਤਾਂ ਉਹ ਅਨਅਵੇਲੇਬਲ ਬਟਨ ਤੇ ਕਲਿੱਕ ਕਰੇਗਾ ਅਤੇ ਬੀ.ਐਲ.ਓ. ਵੱਲੋਂ ਆਪਣੀ ਐਪ ਵਿੰਚ ਚੈੱਕ ਕਰਨ ਤੇ ਕਾਲ ਦੀ ਰਿਪੋਰਟ ਈ.ਸੀ.ਆਈ.ਨੈੱਟ ਤੇ ਅਪਡੇਟ ਹੋ ਜਾਵੇਗੀ ਜਿਸ ਬਾਰੇ ਪ੍ਰਾਰਥੀ ਨੂੰ ਵੀ ਮੈਸੇਜ ਰਾਹੀਂ ਸੂਚਨਾ ਦਿੱਤੀ ਜਾਵੇਗੀ।
ਜ਼ਿਲ੍ਹਾ ਚੋਣ ਅਫਸਰ ਨੇ ਜ਼ਿਲ੍ਹੇ ਦੇ ਵੋਟਰਾਂ ਨੂੰ ਅਪੀਲ ਕੀਤੀ ਕਿ ਭਾਰਤ ਦੇ ਚੋਣ ਕਮਿਸ਼ਨ ਵੱਲੋਂ ਜਾਰੀ ਸ਼ੋਸ਼ਲ ਮੀਡੀਆ ਪਲੇਟਫਾਰਮਾਂ ਦੀ ਵੱਧ ਤੋਂ ਵੱਧ ਵਰਤੋਂ ਕੀਤੀ ਜਾਵੇ ਤਾਂ ਜੋ ਉਨ੍ਹਾਂ ਨੂੰ ਚੋਣ ਕਮਿਸ਼ਨ ਵੱਲੋਂ ਜਾਰੀ ਹਦਾਇਤਾਂ ਤੇ ਗਤੀਵਿਧੀਆਂ ਦੀ ਅਪਡੇਟ ਜਾਣਕਾਰੀ ਮਿਲ ਸਕੇ।

0 Comments