BREAKING NEWS

6/recent/ticker-posts

ਭਾਰਤੀ ਜਨਤਾ ਪਾਰਟੀ ਪੰਜਾਬ ਹਤੈਸ਼ੀ ਨਹੀਂ ਹੋ ਸਕਦੀ : ਵਿਧਾਇਕ ਰਾਏ #todayinfo

ਫਤਿਹਗੜ੍ਹ ਸਾਹਿਬ 30 ਅਕਤੂਬਰ (ਸਤਨਾਮ ਚੌਹਾਨ, ਕੁਲਦੀਪ ਬਾਲਪੁਰ ):- ਭਾਰਤੀ ਜਨਤਾ ਪਾਰਟੀ 2027 ਦੇ ਵਿੱਚ ਸੱਤਾ ਦੇ ਸੁਪਨੇ ਦੇਖ ਰਹੀ ਹੈ ਅਤੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਦੇ ਵਿੱਚ ਲੱਗੀ ਹੋਈ ਹੈ। ਸੂਬੇ ਦੇ ਲੋਕ ਭਾਰਤੀ ਜਨਤਾ ਪਾਰਟੀ ਦੀਆਂ ਲੂੰਬੜ ਚਾਲਾਂ ਨੂੰ ਚੰਗੀ ਤਰ੍ਹਾਂ ਸਮਝਦੇ ਹਨ, ਇਹਨਾਂ ਨੂੰ ਸੂਬਾ ਵਿਰੋਧੀ ਨੀਤੀਆਂ ਦੇ ਵਿੱਚ ਕਾਮਯਾਬ ਨਹੀਂ ਹੋਣ ਦੇਣਗੇ। ਇਹ ਪ੍ਰਗਟਾਵਾ ਫਤਿਹਗੜ੍ਹ ਸਾਹਿਬ ਦੇ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਨੇ ਸਰਹਿੰਦ ਵਿਖੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਕੀਤਾ। 
        ਉਹਨਾਂ ਕਿਹਾ ਕਿ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦਿੱਲੀ ਦੇ ਲੋਕਾਂ ਨੂੰ ਸਮਝਾਉਂਦੇ ਰਹੇ ਕਿ ਭਾਰਤੀ ਜਨਤਾ ਪਾਰਟੀ ਨੂੰ ਸੱਤਾ ਚ ਨਾ ਲਿਆਇਓ, ਪਰੰਤੂ ਫਿਰ ਵੀ ਭਾਰਤੀ ਜਨਤਾ ਪਾਰਟੀ ਦਿੱਲੀ ਦੀ ਸਤਾ ਦੇ ਵਿੱਚ ਆ ਗਈ। ਜਦੋਂ ਤੋਂ ਰੇਖਾ ਗੁਪਤਾ ਦਿੱਲੀ ਦੇ ਮੁੱਖ ਮੰਤਰੀ ਬਣੇ ਹਨ, ਉਦੋਂ ਤੋਂ ਦਿੱਲੀ ਵਾਸੀ ਪਰੇਸ਼ਾਨੀਆਂ ਦੇ ਨਾਲ ਜੂਝਦੇ ਆ ਰਹੇ ਹਨ। ਜਿਸ ਕਾਰਨ ਲੋਕ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਯਾਦ ਕਰਨ ਲੱਗੇ ਹਨ। ਇਸੇ ਤਰ੍ਹਾਂ ਬਿਹਾਰ ਦੇ ਵਿੱਚ ਵੀ ਭਾਰਤੀ ਜਨਤਾ ਪਾਰਟੀ ਦੇ ਗੱਠਜੋੜ ਦੀ ਸਰਕਾਰ ਹੈ, ਉੱਥੇ ਵੀ ਲੋਕ ਇਹਨਾਂ ਦਾ ਵਿਰੋਧ ਕਰ ਰਹੇ ਹਨ ਅਤੇ ਇਹਨਾਂ ਦੇ 20 ਸਾਲ ਦੀ ਕਾਰਗੁਜ਼ਾਰੀ ਉੱਤੇ ਸਵਾਲੀਆ ਨਿਸ਼ਾਨ ਲਗਾ ਰਹੇ ਹਨ।
     ਉਹਨਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਨਾਲ ਹਮੇਸ਼ਾ ਹੀ ਮਤਰੇਈ ਮਾਂ ਵਾਲਾ ਸਲੂਕ ਕਰਦੀ ਰਹੀ ਹੈ, ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵੱਲੋਂ ਸੂਬੇ ਦਾ ਕਰੋੜਾਂ ਰੁਪਈਆ ਰੋਕ ਕੇ ਰੱਖਿਆ ਹੋਇਆ ਹੈ ਤਾਂ ਜੋ ਪੰਜਾਬ ਦੇ ਲੋਕਾਂ ਨੂੰ ਪਰੇਸ਼ਾਨ ਕੀਤਾ ਜਾ ਸਕੇ। ਉਹਨਾਂ ਕਿਹਾ ਕਿ ਟੈਕਸ ਦੇ ਪੈਸੇ ਦੇ ਉੱਤੇ ਸੂਬਿਆਂ ਦੇ ਅਧਿਕਾਰ ਹੋਣੇ ਚਾਹੀਦੇ ਹਨ ਪਰੰਤੂ ਕੇਂਦਰ ਸਰਕਾਰ ਜਾਣ ਬੁਝ ਕੇ ਸੂਬਿਆਂ ਨੂੰ ਪਰੇਸ਼ਾਨ ਕਰ ਰਹੀ ਹੈ।  ਕੇਂਦਰ ਦੀ ਬਦਨੀਅਤ ਕਰਕੇ ਹੀ ਸੂਬੇ ਦੀਆਂ ਸੜਕਾਂ ਸਧਾਰਨ ਦੇ ਲਈ 3650 ਕਰੋੜ ਰੁਪਏ ਦਾ ਨਵਾਂ ਫੰਡ ਲੈਣਾ ਪਿਆ, ਜਿਸ ਦੇ ਨਾਲ ਸੂਬੇ ਦੀਆਂ ਸੜਕਾਂ ਦੀ ਨੁਹਾਰ ਬਦਲੀ ਜਾ ਰਹੀ ਹੈ ਕਿਉਂਕਿ ਪੰਜਾਬ ਦੇ ਲੋਕ ਸੜਕਾਂ ਦੀ ਖਸਤਾ ਹਾਲਤ ਤੋਂ ਬਹੁਤ ਪਰੇਸ਼ਾਨ ਸਨ। ਉਹਨਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਵੱਲੋਂ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ, ਪ੍ਰੰਤੂ ਹੜਾਂ ਦੌਰਾਨ ਜੋ ਫੰਡ ਦੇਣ ਦਾ ਵਾਅਦਾ ਕੀਤਾ ਗਿਆ ਸੀ ਉਹ ਵੀ ਹੁਣ ਤੱਕ ਨਹੀਂ ਦਿੱਤਾ ਗਿਆ। ਪੰਜਾਬ ਦੇ ਲੋਕਾਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਭਾਰਤੀ ਜਨਤਾ ਪਾਰਟੀ ਕਦੇ ਵੀ ਪੰਜਾਬ ਹਤੈਸ਼ੀ ਨਹੀਂ ਹੋ ਸਕਦੀ। ਇਹ ਹਮੇਸ਼ਾ ਹੀ ਪੰਜਾਬ ਨੂੰ ਵੱਖਰੀ ਨਜ਼ਰ ਨਾਲ ਦੇਖਦੇ ਹਨ। ਭਾਰਤੀ ਜਨਤਾ ਪਾਰਟੀ ਦੀ ਸਪੋਰਟ ਕਰਨ ਵਾਲੇ ਆਗੂਆਂ ਨੂੰ ਵੀ ਚਾਹੀਦਾ ਹੈ ਕਿ ਉਹ ਆਪਣੇ ਸੂਬੇ ਦੇ ਹੱਕਾਂ ਦੀ ਗੱਲ ਕੇਂਦਰ ਸਰਕਾਰ ਦੇ ਅੱਗੇ ਰੱਖਣ। 
        ਇਥੇ ਇਹ ਦੱਸਣਾ ਜਰੂਰੀ ਹੋਵੇਗਾ ਕਿ ਵਿਧਾਇਕ ਲਖਬੀਰ ਸਿੰਘ ਰਾਏ ਸਰਹਿੰਦ ਵਿਖੇ ਗੁਰਵਿੰਦਰ ਸਿੰਘ ਬੀੜਮਾਨ ਦੇ ਗ੍ਰਹਿ ਵਿਖੇ ਆਏ ਸਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਨੰਬਰਦਾਰ ਬਲਜਿੰਦਰ ਸਿੰਘ, ਰਮੇਸ਼ ਕੁਮਾਰ ਸੋਨੂੰ, ਪ੍ਰਿਤਪਾਲ ਸਿੰਘ ਜੱਸੀ, ਬਲਵੀਰ ਸੋਢੀ, ਬਿਪਨ ਪ੍ਰੀਤ ਸਿੰਘ ਆਦਿ ਵੀ ਹਾਜ਼ਰ ਸਨ।

Post a Comment

0 Comments