ਸਹਾਇਕ ਸਿਵਲ ਸਰਜਨ ਨੂੰ ਸੌਂਪਿਆ ਮੰਗ ਪੱਤਰ
ਫਤਹਿਗੜ੍ਹ ਸਾਹਿਬ, 22 ਜੂਨ: (ਸਤਨਾਮ ਚੌਹਾਨ):- ਨੈਸ਼ਨਲ ਹੈਲਥ ਮਿਸ਼ਨ (ਐਨ.ਐਚ.ਐਮ.) ਦੇ ਕਰਮਚਾਰੀਆਂ ਵੱਲੋਂ ਆਪਣੀਆਂ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਨੂੰ ਲੈ ਕੇ ਸਿਵਲ ਸਰਜਨ ਦਫ਼ਤਰ ਫਤਹਿਗੜ੍ਹ ਸਾਹਿਬ ਵਿਖੇ ਰੋਸ ਧਰਨਾ ਦਿੱਤਾ ਗਿਆ ਅਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਧਰਨੇ ਦੀ ਅਗਵਾਈ ਐਨ.ਐਚ.ਐਮ. ਜੁਆਇੰਟ ਫਰੰਟ ਪੰਜਾਬ ਦੇ ਆਗੂ ਹਰਪਾਲ ਸਿੰਘ ਸੋਢੀ, ਸੀ.ਐਚ.ਓ. ਯੂਨੀਅਨ ਦੇ ਸੂਬਾ ਪ੍ਰਧਾਨ ਡਾ. ਜਤਿੰਦਰ ਸਿੰਘ ਅਤੇ ਐਨ.ਐਚ.ਐਮ. ਇੰਪਲਾਈਜ਼ ਯੂਨੀਅਨ ਦੇ ਸੀਨੀਅਰ ਆਗੂ ਅਮਰਜੀਤ ਸਿੰਘ ਨੇ ਕੀਤੀ।
ਆਗੂਆਂ ਨੇ ਕਿਹਾ ਕਿ ਸਾਲ 2008 ਤੋਂ ਸਿਹਤ ਵਿਭਾਗ ਵਿੱਚ ਠੇਕੇ ਦੇ ਆਧਾਰ ‘ਤੇ ਸੇਵਾ ਨਿਭਾ ਰਹੇ ਕਰਮਚਾਰੀਆਂ ਨੇ ਆਪਣਾ ਪੂਰਾ ਜੀਵਨ ਵਿਭਾਗ ਨੂੰ ਸਮਰਪਿਤ ਕਰ ਦਿੱਤਾ ਹੈ, ਪਰ ਕਰੀਬ 18 ਸਾਲਾਂ ਦੀ ਸੇਵਾ ਦੇ ਬਾਵਜੂਦ ਕਿਸੇ ਵੀ ਸਰਕਾਰ ਨੇ ਉਨ੍ਹਾਂ ਨੂੰ ਰੈਗੂਲਰ ਨਹੀਂ ਕੀਤਾ। ਉਨ੍ਹਾਂ ਦੱਸਿਆ ਕਿ ਕਈ ਮੁਲਾਜ਼ਮ ਬਿਨਾਂ ਕਿਸੇ ਵਿੱਤੀ ਲਾਭ ਦੇ ਠੇਕੇ ‘ਤੇ ਹੀ ਸੇਵਾ ਕਰਦੇ ਹੋਏ ਰਿਟਾਇਰ ਹੋਣ ਲੱਗੇ ਹਨ।
ਧਰਨਾਕਾਰੀਆਂ ਨੇ ਮੰਗ ਕੀਤੀ ਕਿ ਮਾਣਯੋਗ ਅਦਾਲਤ ਦੇ ਫ਼ੈਸਲਿਆਂ ਦੇ ਆਧਾਰ ‘ਤੇ ਸਾਰੇ ਐਨ.ਐਚ.ਐਮ. ਕਰਮਚਾਰੀਆਂ ਨੂੰ “ਬਰਾਬਰ ਕੰਮ-ਬਰਾਬਰ ਤਨਖ਼ਾਹ” ਦੇ ਸਿਧਾਂਤ ਤਹਿਤ ਰੈਗੂਲਰ ਕੀਤਾ ਜਾਵੇ। ਇਸ ਤੋਂ ਇਲਾਵਾ ਲਾਇਲਟੀ ਬੋਨਸ, ਗ੍ਰੈਚੂਇਟੀ, ਡੀ.ਏ. ਅਤੇ ਹੋਰ ਵਿੱਤੀ ਲਾਭ ਵੀ ਦਿੱਤੇ ਜਾਣ। ਕਮਿਊਨਿਟੀ ਹੈਲਥ ਅਫ਼ਸਰਾਂ (ਸੀ.ਐਚ.ਓ.) ਨੇ ਆਪਣੇ ਕੈਡਰ ਨੂੰ ਸਰਕਾਰੀ ਗਜ਼ਟ ਵਿੱਚ ਸ਼ਾਮਲ ਕਰਨ, ਨਵਾਂ ਇੰਸੈਂਟਿਵ ਪ੍ਰੋਫਾਰਮਾ ਵਾਪਸ ਲੈਣ ਅਤੇ ਪ੍ਰਾਈਵੇਟ ਪ੍ਰੈਕਟਿਸ ‘ਤੇ ਲੱਗੀ ਰੋਕ ਹਟਾਉਣ ਦੀ ਮੰਗ ਵੀ ਕੀਤੀ।
ਯੂਨੀਅਨ ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਜਾਇਜ਼ ਮੰਗਾਂ ਨਾ ਮੰਨੀਆਂ ਤਾਂ 2 ਜੁਲਾਈ 2026 ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਸੰਗਰੂਰ ਵਿਖੇ ਵਿਸ਼ਾਲ ਰੈਲੀ ਕੀਤੀ ਜਾਵੇਗੀ।
ਇਸ ਮੌਕੇ ਯੂਨੀਅਨ ਵੱਲੋਂ ਸਹਾਇਕ ਸਿਵਲ ਸਰਜਨ ਕੰਵਲਦੀਪ ਸਿੰਘ ਨੂੰ ਮੰਗ ਪੱਤਰ ਵੀ ਸੌਂਪਿਆ ਗਿਆ। ਧਰਨੇ ਵਿੱਚ ਡਾ. ਕਸੀਤਿਜ ਸੀਮਾ, ਵਿੱਕੀ ਵਰਮਾ, ਸੁਖਜਿੰਦਰ ਸਿੰਘ, ਮੋਹਨ ਸਿੰਘ, ਸਵੇਤਾ ਬਜਾਜ, ਲਖਪ੍ਰੀਤ ਕੌਰ, ਡਾ. ਧਰਮਿੰਦਰ ਸਿੰਘ, ਗਗਨਦੀਪ ਸਿੰਘ, ਸਿਮਰਨ ਕੌਰ, ਹਰਦੀਪ ਸਿੰਘ, ਅਵਤਾਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਕਰਮਚਾਰੀ ਹਾਜ਼ਰ ਸਨ।

0 Comments