ਫਤਿਹਗੜ੍ਹ ਸਾਹਿਬ, 20 ਅਗਸਤ (ਸਤਨਾਮ ਚੌਹਾਨ)- ਇੰਸਪੈਕਟਰ ਖੁਰਾਕ ਸਪਲਾਈ ਵਿਭਾਗ ਯੂਨੀਅਨ ਜਿਲਾ ਫਤਿਹਗੜ੍ਹ ਸਾਹਿਬ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਜਿਲਾ ਪ੍ਰਬੰਧਕੀ ਕੰਪਲੈਕਸ ਅੱਗੇ ਅਣਮਿਥੇ ਦੇ ਸਮੇਂ ਲਈ ਕੰਮ ਛੋੜ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ l ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲਾ ਪ੍ਰਧਾਨ ਭਵਨਜੀਤ ਸਿੰਘ ਇੰਸਪੈਕਟਰ ਨੇ ਦੱਸਿਆ ਕਿ ਮਹਿਕਮਾ ਖੁਰਾਕ ਸਿਵਲ ਸਪਲਾਈਜ਼ ਅਤੇ ਖਪਤਕਾਰ ਮਾਮਲੇ ਵਿਭਾਗ ਵਲੋਂ ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ ਅਤੇ ਸੂਬੇ ਦੇ ਅਨਾਜ ਦੀ ਖਰੀਦ, ਸਾਂਭ ਸੰਭਾਲ ਅਤੇ ਮੂਵਮੈਂਟ ਨੂੰ ਲੈ ਕੇ ਅਤੀ ਮਹੱਤਵਪੂਰਨ ਕੰਮ ਕਰਨੇ ਹੁੰਦੇ ਹਨ, ਜਿਸ ਵਿਚ ਕੰਮ ਕਰ ਰਹੇ ਫੀਲਡ ਸਟਾਫ ਵਿਚਲੇ ਨਿਰੀਖਕਾਂ ਅਤੇ ਸਹਾਇਕ ਖੁਰਾਕ ਸਪਲਾਈ ਅਫਸਰਾਂ ਦੀਆਂ ਤਨਖਾਹਾਂ ਵਿਚ ਲੇਟ ਡਾਕੂਮੈਂਟ ਰਿਕਵਰੀਆਂ (ਜੋ ਕਿ ਐਫ.ਸੀ.ਆਈ. ਵਿਭਾਗ ਦੀਆਂ ਗਲਤ ਨੀਤੀਆਂ ਕਾਰਨ ਬਣਦੀਆਂ ਹਨ) ਦੇ ਮੁੱਦੇ ਤੇ ਭਾਰੀ ਕੱਟ ਲਗਾ ਕੇ ਉਨਾਂ ਦਾ ਪਿਛਲੇ ਕਈ ਸਾਲਾਂ ਤੋਂ ਆਰਥਿਕ ਅਤੇ ਮਾਨਸਿਕ ਸ਼ੋਸ਼ਣ ਕੀਤਾ ਜਾ ਰਿਹਾ ਹੈ।
ਇਸ ਸਬੰਧੀ ਮਹਿਕਮੇ ਦੇ ਸਮੂਹ ਮੁਲਾਜਮਾਂ ਦੇ ਹਿੱਤਾਂ ਦੀ ਰਾਖੀ ਲਈ ਕੰਮ ਕਰ ਰਹੀਆਂ ਜਥੇਬੰਦੀਆਂ ਵਲੋਂ ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ ਕੀਤਾ ਜਾ ਰਿਹਾ ਹੈ ਅਤੇ ਮਹਿਕਮੇ ਦੇ ਉੱਚ ਅਧਿਕਾਰੀਆਂ ਨਾਲ ਪਿਛਲੇ ਇੱਕ ਸਾਲ ਤੋਂ ਲਗਾਤਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਪ੍ਰੰਤੂ ਇਤਨੀ ਵੱਡੀ ਤਾਦਾਦ ਵਿਚ ਮੁਲਾਜ਼ਮਾਂ ਦੇ ਇਸ ਲੇਟ ਡਾਕੂਮੈਂਟ ਰਿਕਵਰੀਆਂ ਦੇ ਮੁੱਦੇ ਤੋਂ ਪੀੜਤ ਹੋਣ ਦੇ ਬਾਵਜੂਦ ਮਹਿਕਮੇ ਵਲੋਂ ਉਨਾਂ ਦੀ ਕੋਈ ਸੁਣਵਾਈ ਨਾ ਕਰਕੇ, ਦਿਨ-ਬ-ਦਿਨ ਰਿਕਵਰੀਆਂ ਦੀ ਲਿਸਟ ਨੂੰ ਹੋਰ ਲੰਮਾ ਕੀਤਾ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਮਹਿਕਮਾ ਖੁਰਾਕ ਸਪਲਾਈ ਦੇ ਨਿਰੀਖਕ ਆਮ ਜਨਤਾ ਅਤੇ ਸਰਕਾਰ ਦੀ ਉਹ ਕੜੀ ਹਨ, ਜਿਨਾਂ ਨੇ ਹਰ ਔਖੇ ਤੋਂ ਔਖੇ ਹਾਲਾਤਾਂ ਵਿਚ ਮਹਿਕਮੇ ਦੇ ਮੋਢੇ ਨਾਲ ਮੋਢਾ ਲਾ ਕੇ ਆਪਣੀ ਜਾਨ ਜੋਖਿਮ ਵਿਚ ਪਾ ਕੇ ਦਿਨ ਰਾਤ ਕੰਮ ਕੀਤਾ ਹੈ, ਜਿਵੇਂ ਕਿ ਇਸ ਮਹਿਕਮੇ ਦੇ ਨਿਰੀਖਕਾਂ ਵਲੋਂ ਪਿਛਲੇ 04 ਸਾਲ ਤੋਂ ਮਹਿਕਮੇ ਵਲੋਂ ਅਤੀ ਜਰੂਰੀ ਸਟਾਕ ਆਰਟੀਕਲ (ਕਰੇਟ, ਕਵਰ, ਤਰਪਾਲਾਂ ਆਦਿ) ਲੋੜੀਂਦੇ ਜਾਰੀ ਨਾ ਹੋਣ ਦੇ ਬਾਵਜੂਦ ਅਨਾਜ ਦੀ ਖਰੀਦ/ਸਟੋਰੇਜ ਅਤੇ ਪੂਰੇ ਮੁਲਕ ਨੂੰ ਮੂਵਮੈਂਟ ਬਿਨਾ ਕਿਸੇ ਵਿੱਤੀ ਅਤੇ ਕੁਆਲਿਟੀ ਨੁਕਸਾਨ ਦੇ ਕੀਤਾ ਹੈ ਅਤੇ ਮਹਿਕਮੇ ਦਾ ਕਰੋੜਾਂ ਰੁਪਏ ਬਚਾਏ ਹਨ। ਇਸ ਮਹਿਕਮੇ ਦੇ ਨਿਰੀਖਕਾਂ ਵਲੋਂ ਕੋਰੋਨਾ ਜਿਹੀ ਗੰਭੀਰ ਸਥਿਤੀ ਵਿਚ ਵੀ ਮਹਿਕਮੇ ਨੂੰ ਪੂਰੀ ਤਰ੍ਹਾਂ ਚਾਲੂ ਰੱਖ ਕੇ ਹਰ ਘਰ ਰਾਸ਼ਨ ਪਹੁੰਚਾਉਣਾ ਯਕੀਨੀ ਬਣਾਇਆ ਅਤੇ ਪੂਰੇ ਮੁਲਕ ਵਿਚ ਸਪੈਸ਼ਲਾਂ ਰਾਹੀਂ ਅਨਾਜ ਦੀ ਮੂਵਮੈਂਟ ਯਕੀਨੀ ਬਣਾਈ ਹੈ।
ਇਸੇ ਦੇ ਸਬੰਧ ਵਿਚ ਨਿਰੀਖਕ ਯੂਨੀਅਨ, ਪੰਜਾਬ ਵਲੋਂ ਮਹਿਕਮੇ ਦੇ ਮੰਤਰੀ ਸਾਹਿਬ ਨਾਲ ਆਪਣੀਆਂ ਸਮੱਸਿਆਵਾਂ ਦੇ ਹੱਲ ਲਈ ਮੀਟਿੰਗ ਦੀ ਮੰਗ ਕੀਤੀ ਗਈ ਸੀ, ਪਰੰਤੂ ਉਨਾਂ ਵਲੋਂ ਨਿਰੀਖਕਾਂ ਨੂੰ ਮਿਲਣ ਲਈ ਕੀਤੀ ਜਾਣ ਵਾਲੀ ਮੀਟਿੰਗ ਨੂੰ ਕਈ ਵਾਰ ਟਾਲਣ ਕਾਰਨ ਨਿਰੀਖਕ ਕੇਡਰ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈl ਮਹਿਕਮੇ ਦੇ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਦੇ ਹੱਲ ਲਈ, ਉਨਾਂ ਤੇ ਭਾਰੀ ਰਿਕਵਰੀਆਂ ਨਾਲ ਤਨਖਾਹਾਂ ਵਿਚ ਕੱਟ ਲਗਾਉਣ ਦੀ ਨੀਤੀ ਨੂੰ ਤੁਰੰਤ ਰੋਕਣ ਹਿੱਤ, ਪੰਜਾਬ ਰਾਜ ਦੇ ਖੁਰਾਕ ਸਪਲਾਈ ਵਿਭਾਗ ਵਿਚਲੇ ਸਮੂਹ ਨਿਰੀਖਕਾਂ ਵਲੋਂ ਮਜਬੂਰੀ ਵੱਸ ਹਰ ਤਰ੍ਹਾਂ ਦਾ ਕੰਮ ਬੰਦ ਕਰ ਕੇ ਹੜਤਾਲ ਪਰ ਜਾਣ ਦਾ ਫੈਸਲਾ ਲਿਆ ਗਿਆ ਹੈ।
ਉਨ੍ਹਾਂ ਵਿਭਾਗ ਦੀਆਂ ਨਜ਼ਾਇਜ਼ ਰਿਕਵਰੀਆਂ ਤੋਂ ਪੀੜਤ, ਮਹਿਕਮੇ ਵਿਚ ਕੰਮ ਕਰ ਰਹੇ ਮੁਲਾਜ਼ਮਾਂ ਦੀਆਂ ਰਿਕਵਰੀਆਂ/ਕਟੌਤੀਆਂ ਪਰ ਤੁਰੰਤ ਰੋਕ ਲਗਵਾਉਣ ਦੀ ਮੰਗ ਕੀਤੀl ਉਨ੍ਹਾਂ ਮਹਿਕਮੇ ਦੇ ਫੀਲਡ ਸਟਾਫ ਦੀਆਂ ਹੋਰ ਭਖਦੀਆਂ ਮੰਗਾਂ ਜਿਵੇਂ ਕਿ ਕਨਵੇਂਸ ਅਲਾਊਂਸ ਅਤੇ ਫੀਲਡ ਸਟਾਫ ਦੇ ਦਫਤਰਾਂ ਵਿਚ ਜਰੂਰੀ ਇਨਫ੍ਰਾਸਟਰੱਕਚਰ ਮੁਹੱਈਆ ਕਰਵਾਉਣ ਲਈ ਮਹਿਕਮੇ ਨੂੰ ਤੁਰੰਤ ਹਦਾਇਤਾਂ ਜਾਰੀ ਕਰਨ ਦੀ ਮੰਗ ਵੀ ਕੀਤੀl ਇਸ ਮੌਕੇ ਜਨਰਲ ਸੈਕਟਰੀ ਅਮਰਪ੍ਰੀਤ ਸਿੰਘ, ਮੁੱਖ ਬੁਲਾਰਾ ਜਸਵੀਰ ਸਿੰਘ, ਹਰਪ੍ਰੀਤ ਸਿੰਘ, ਸੰਦੀਪ ਵਸ਼ਿਸ਼ਟ, ਯਾਦਵਿੰਦਰ ਸਿੰਘ, ਕਨਵਰਪ੍ਰੀਤ ਸਿੰਘ, ਗੁਰਮੋਹਿਤ ਸਿੰਘ ਅਤੇ ਹੋਰ ਵੀ ਹਾਜ਼ਰ ਸਨl












0 Comments