BREAKING NEWS

6/recent/ticker-posts

ਤੀਜ ਦੇ ਤਿਉਹਾਰ ਮੌਕੇ ਰੋਟਰੀ ਕਲੱਬ ਸਰਹਿੰਦ ਵੱਲੋਂ ‘ਸਾਵਨ ਦੇ ਰੰਗ’ ਸਮਾਗਮ

ਸਰਹਿੰਦ, 18 ਅਗਸਤ (ਸਤਨਾਮ ਚੌਹਾਨ):- ਰੋਟਰੀ ਕਲੱਬ ਸਰਹਿੰਦ ਦੇ ਪ੍ਰਧਾਨ ਸੁਰੇਸ਼ ਭਾਰਦਵਾਜ ਦੀ ਅਗਵਾਈ ਹੇਠ ਤੀਜ ਦੇ ਤਿਉਹਾਰ ਮੌਕੇ ਮਹਿਲਾਵਾਂ ਲਈ ‘ਸਾਵਨ ਦੇ ਰੰਗ’ ਤਹਿਤ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਸਮਾਗਮ ਵਿੱਚ ਮੀਨਾਕਸ਼ੀ, ਡੀਐਫਐਸਸੀ ਫਤਿਹਗੜ੍ਹ ਸਾਹਿਬ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦਕਿ ਜਪਿੰਦਰ ਕੌਰ, ਈਟੀਓ ਫਤਿਹਗੜ੍ਹ ਸਾਹਿਬ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ। ਇਸ ਮੌਕੇ ਵੱਡੀ ਗਿਣਤੀ ਵਿੱਚ ਮਹਿਲਾਵਾਂ ਨੇ ਸ਼ਿਰਕਤ ਕਰਕੇ ਤੀਜ ਦੇ ਤਿਉਹਾਰ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ।

ਇਸ ਮੌਕੇ ਜਾਣਕਾਰੀ ਦਿੰਦਿਆਂ ਸ਼ਿਖਾ ਸ਼ਰਮਾ, ਮੋਨਿਕਾ ਸ਼ਰਮਾ ਅਤੇ ਅਰਚਨਾ ਭਾਰਦਵਾਜ ਨੇ ਦੱਸਿਆ ਕਿ ਪੰਜਾਬੀ ਸੱਭਿਆਚਾਰ ਵਿੱਚ ਤੀਜ ਦੇ ਤਿਉਹਾਰ ਦਾ ਵਿਸ਼ੇਸ਼ ਮਹੱਤਵ ਹੈ। ਇਹ ਤਿਉਹਾਰ ਖੁਸ਼ੀਆਂ, ਰੰਗਾਂ, ਲੋਕ-ਗੀਤਾਂ, ਗਿੱਧੇ ਅਤੇ ਪੰਜਾਬੀ ਲੋਕ-ਪਰੰਪਰਾਵਾਂ ਨਾਲ ਗਹਿਰੇ ਤੌਰ ’ਤੇ ਜੁੜਿਆ ਹੋਇਆ ਹੈ। ਤੀਜ ਮੌਕੇ ਔਰਤਾਂ ਵੱਲੋਂ ਰਵਾਇਤੀ ਪੰਜਾਬੀ ਪਹਿਰਾਵੇ ਪਹਿਨ ਕੇ ਸਜਣ-ਸਵਰਨ ਦੇ ਨਾਲ-ਨਾਲ ਮਹਿੰਦੀ ਲਗਾਉਣ ਅਤੇ ਝੂਲੇ ਝੂਲਣ ਦੀ ਰਵਾਇਤ ਰਹੀ ਹੈ।

ਸਮਾਗਮ ਦੌਰਾਨ ਪੰਜਾਬੀ ਲੋਕ-ਗੀਤਾਂ, ਬੋਲੀਆਂ ਅਤੇ ਗਿੱਧੇ ਰਾਹੀਂ ਪੰਜਾਬ ਦੀ ਅਮੀਰ ਲੋਕ ਵਿਰਾਸਤ ਨੂੰ ਪੇਸ਼ ਕੀਤਾ ਗਿਆ। ਮਹਿਲਾਵਾਂ ਨੇ ਇਕੱਠੀਆਂ ਹੋ ਕੇ ਖੁਸ਼ੀਆਂ ਸਾਂਝੀਆਂ ਕੀਤੀਆਂ ਅਤੇ ਤਿਉਹਾਰ ਦੀਆਂ ਰਵਾਇਤੀ ਰੀਤਾਂ ਨੂੰ ਉਤਸ਼ਾਹ ਨਾਲ ਮਨਾਇਆ। ਇਸ ਮੌਕੇ ਪੁਰਾਣੀਆਂ ਲੋਕ-ਪਰੰਪਰਾਵਾਂ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਦਾ ਸੁਨੇਹਾ ਵੀ ਦਿੱਤਾ ਗਿਆ।

ਬੁਲਾਰਿਆਂ ਨੇ ਕਿਹਾ ਕਿ ਤੀਜ ਸਿਰਫ਼ ਇੱਕ ਤਿਉਹਾਰ ਨਹੀਂ, ਸਗੋਂ ਪੰਜਾਬੀ ਸੱਭਿਆਚਾਰ, ਆਪਸੀ ਪਿਆਰ, ਭਾਈਚਾਰਕ ਸਾਂਝ ਅਤੇ ਲੋਕ ਵਿਰਸੇ ਦੀ ਪਛਾਣ ਹੈ। ਅਜਿਹੇ ਸਮਾਗਮ ਨੌਜਵਾਨ ਪੀੜ੍ਹੀ ਨੂੰ ਆਪਣੀਆਂ ਜੜ੍ਹਾਂ ਅਤੇ ਅਮੀਰ ਸੱਭਿਆਚਾਰ ਨਾਲ ਜੋੜਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ।

ਇਸ ਮੌਕੇ ਪੂਜਾ ਬਿਥਰ, ਸ਼ੋਭਨਾ ਮਲਹੋਤਰਾ, ਮੀਨਾਕਸ਼ੀ ਬਿੰਬਰਾ, ਸਨੇਹ ਸ਼ਰਮਾ, ਪਰਵੀਨ ਸ਼ਰਮਾ, ਕਿਰਨ ਬੈਟਰ, ਸੁਨੀਤਾ ਬੈਟਰ, ਨਿਰਮਲ ਗੁਪਤਾ, ਬਲਵੀਰ ਕੌਰ, ਰਜਨੀ ਸੂਦ, ਪ੍ਰਿੰਸੀ ਬਤਰਾ, ਨੀਰਜ ਵਰਮਾ, ਰਜਨੀ ਵਰਮਾ, ਸਰੀਤਾ ਧੀਮਾਨ, ਸਪਨਾ ਸਿੰਘੀ, ਸੱਤਿਆ ਗੁਪਤਾ, ਸ਼ੁਭਾਨੀ, ਮੈਗੀ, ਸਲੋਨੀ ਮਹਿੰਗੀ, ਆਰਤੀ ਗੋਇਲ, ਨੀਲਮ, ਕੀਰਤੀ ਬਿੰਬਰਾ, ਰਸ਼ਮੀ ਬਿੰਬਰਾ, ਕਮਲ ਪੁਰੀ, ਡਾ. ਅਰਵਿੰਦ ਬਾਵਾ ਆਦਿ ਹਾਜ਼ਰ ਸਨ।

Post a Comment

0 Comments