ਫਤਹਿਗੜ੍ਹ ਸਾਹਿਬ , 12 ਅਗਸਤ: ਰਾਸ਼ਟਰੀ ਨਿਆਸ, ਭਾਰਤ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਗਠਿਤ ਸ੍ਰਿਜਨ ਵਿਕਾਸ ਡੇ-ਕੇਅਰ ਸੈਂਟਰ ਦੀ ਲੋਕਲ ਪ੍ਰੋਜੈਕਟ ਕਮੇਟੀ (LPC) ਦੀ ਮੀਟਿੰਗ ਸੀ.ਐਫ.ਸੀ. ਭਵਨ, ਪਿੰਡ ਫਤਿਹਪੁਰ ਅਰਾਈਆਂ ਵਿਖੇ ਹੋਈ। ਮੀਟਿੰਗ ਕਨਫੈਡਰੇਸ਼ਨ ਫਾਰ ਚੈਲੈਂਜਡ ਦੇ ਪ੍ਰਧਾਨ ਸ੍ਰੀ ਮਨਮੋਹਨ ਜਰਗਰ ਦੀ ਚੇਅਰਮੈਨਸ਼ਿਪ ਅਤੇ LPC ਮੈਂਬਰ ਪ੍ਰੋਫੈਸਰ ਡਾ. ਪੰਕਜਪ੍ਰੀਤ ਸਿੰਘ, ਡੀਨ, ਫੈਕਲਟੀ ਆਫ ਮੈਡੀਕਲ ਸਾਇੰਸ, GGSWU ਦੀ ਅਗਵਾਈ ਹੇਠ ਸੰਪੰਨ ਹੋਈ।
ਮੀਟਿੰਗ ਦੌਰਾਨ ਸੈਂਟਰ ਵਿੱਚ ਸੇਵਾਵਾਂ ਪ੍ਰਾਪਤ ਕਰ ਰਹੇ ਦਿਵਿਆਂਗ ਅਤੇ ਵਿਸ਼ੇਸ਼ ਬੱਚਿਆਂ ਦੀ ਸਿੱਖਿਆ, ਸਿਹਤ, ਫਿਜ਼ਿਓਥੈਰੇਪੀ, ਕਾਊਂਸਲਿੰਗ, ਵਿਹਾਰਕ ਅਤੇ ਸਮਾਜਿਕ ਵਿਕਾਸ, ਪੁਨਰਵਾਸ ਅਤੇ ਹੋਰ ਸਹੂਲਤਾਂ ਸਬੰਧੀ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ।
LPC ਮੈਂਬਰ ਪ੍ਰੋਫੈਸਰ ਡਾ. ਸੁਪ੍ਰੀਤ ਬਿੰਦਰਾ, H.O.D., ਡਿਪਾਰਟਮੈਂਟ ਆਫ ਫਿਜ਼ਿਓਥੈਰੇਪੀ, GGSWU ਵੱਲੋਂ ਸੈਂਟਰ ਵਿੱਚ ਲਾਭਪਾਤਰੀਆਂ ਦੀ ਗਿਣਤੀ ਵਧਾਉਣ ਲਈ ਵਿਸ਼ੇਸ਼ ਪਹਿਲ ਕਰਨ ਦਾ ਫੈਸਲਾ ਲਿਆ ਗਿਆ। ਪਹਿਲੇ ਪੜਾਅ ਵਿੱਚ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਬੱਸੀ ਪਠਾਣਾ ਅਤੇ ਸਰਹਿੰਦ ਬਲਾਕ ਦੇ ਵੱਖ-ਵੱਖ ਪਿੰਡਾਂ ਵਿੱਚ ਸਰਵੇ ਮੁਹਿੰਮ ਚਲਾਈ ਜਾਵੇਗੀ। ਇਸ ਦੌਰਾਨ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੀ ਪਛਾਣ ਅਤੇ ਰਜਿਸਟ੍ਰੇਸ਼ਨ ਕਰਕੇ ਉਨ੍ਹਾਂ ਦੇ ਮਾਪਿਆਂ ਨੂੰ ਸੈਂਟਰ ਵੱਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ।
ਮੀਟਿੰਗ ਵਿੱਚ ਬੱਚਿਆਂ ਦੀ ਨਿਯਮਿਤ ਹਾਜ਼ਰੀ ਅਤੇ ਉਨ੍ਹਾਂ ਦੇ ਵਿੱਦਿਅਕ, ਵਿਹਾਰਕ, ਸਮਾਜਿਕ ਅਤੇ ਵਿਅਕਤੀਗਤ ਵਿਕਾਸ ’ਤੇ ਵਿਸ਼ੇਸ਼ ਧਿਆਨ ਦੇਣ ਦਾ ਫੈਸਲਾ ਕੀਤਾ ਗਿਆ। ਇਸ ਦੇ ਨਾਲ ਵਿਸ਼ੇਸ਼ ਸਿੱਖਿਆ, ਫਿਜ਼ਿਓਥੈਰੇਪੀ, ਕਾਊਂਸਲਿੰਗ ਅਤੇ ਲੋੜ ਅਨੁਸਾਰ ਹੋਰ ਥੈਰੇਪੀ ਸੇਵਾਵਾਂ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ’ਤੇ ਵੀ ਜ਼ੋਰ ਦਿੱਤਾ ਗਿਆ।
ਬੱਚਿਆਂ ਦੀ ਸਿਹਤ ਦੀ ਨਿਯਮਿਤ ਨਿਗਰਾਨੀ ਲਈ ਸਮੇਂ-ਸਮੇਂ ’ਤੇ ਜਨਰਲ ਮੈਡੀਕਲ ਅਤੇ ਡੈਂਟਲ ਚੈੱਕਅਪ ਕੈਂਪ ਲਗਾਉਣ ਦਾ ਫੈਸਲਾ ਕੀਤਾ ਗਿਆ। ਇਸ ਤੋਂ ਇਲਾਵਾ ਬੱਚਿਆਂ ਦੀ ਸਮਰੱਥਾ ਅਤੇ ਰੁਚੀ ਅਨੁਸਾਰ ਵੋਕੇਸ਼ਨਲ ਟ੍ਰੇਨਿੰਗ ਦੇ ਕੇ ਉਨ੍ਹਾਂ ਨੂੰ ਭਵਿੱਖ ਵਿੱਚ ਵੱਧ ਤੋਂ ਵੱਧ ਆਤਮ-ਨਿਰਭਰ ਬਣਾਉਣ ਲਈ ਯਤਨ ਕੀਤੇ ਜਾਣਗੇ।
ਮੀਟਿੰਗ ਦੌਰਾਨ ਦਿਵਿਆਂਗ ਬੱਚਿਆਂ ਲਈ ਘਰ ਤੋਂ ਸੈਂਟਰ ਤੱਕ ਸੁਰੱਖਿਅਤ ਆਵਾਜਾਈ ਸਹੂਲਤ ਮੁਹੱਈਆ ਕਰਵਾਉਣ ਦੀ ਲੋੜ ’ਤੇ ਵੀ ਵਿਸ਼ੇਸ਼ ਚਰਚਾ ਹੋਈ। ਬੱਚਿਆਂ ਦੀ ਮਾਨਸਿਕ ਸਿਹਤ, ਵਿਹਾਰ, ਤਣਾਅ ਅਤੇ ਹੋਰ ਮਨੋਵਿਗਿਆਨਕ ਲੋੜਾਂ ਨੂੰ ਧਿਆਨ ਵਿੱਚ ਰੱਖਦਿਆਂ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਦੇ ਮਨੋਚਿਕਿਤਸਕ ਅਤੇ ਕਾਊਂਸਲਰ ਨਾਲ ਸੰਪਰਕ ਕਰਕੇ ਮਹੀਨੇ ਵਿੱਚ ਘੱਟੋ-ਘੱਟ ਦੋ ਵਾਰ ਚੈੱਕਅਪ ਅਤੇ ਕਾਊਂਸਲਿੰਗ ਦੀ ਵਿਵਸਥਾ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਨੂੰ ਬੇਨਤੀ ਕਰਨ ਦਾ ਫੈਸਲਾ ਵੀ ਲਿਆ ਗਿਆ।
ਮੀਟਿੰਗ ਵਿੱਚ ਕਿਹਾ ਗਿਆ ਕਿ ਸ੍ਰਿਜਨ ਵਿਕਾਸ ਡੇ-ਕੇਅਰ ਸੈਂਟਰ ਦਾ ਉਦੇਸ਼ ਵਿਸ਼ੇਸ਼ ਬੱਚਿਆਂ ਨੂੰ ਸਿਰਫ਼ ਸਿੱਖਿਆ ਦੇਣਾ ਹੀ ਨਹੀਂ, ਸਗੋਂ ਸਿੱਖਿਆ, ਥੈਰੇਪੀ, ਸਿਹਤ, ਸਮਾਜਿਕ ਭਾਗੀਦਾਰੀ, ਹੁਨਰ ਸਿਖਲਾਈ ਅਤੇ ਪੁਨਰਵਾਸ ਰਾਹੀਂ ਉਨ੍ਹਾਂ ਨੂੰ ਵੱਧ ਤੋਂ ਵੱਧ ਸਮਰੱਥ ਅਤੇ ਆਤਮ-ਨਿਰਭਰ ਬਣਾਉਣਾ ਹੈ।
ਇਸ ਮੌਕੇ ਰਾਜਵੀਰ ਕੌਰ (ਪ੍ਰਿੰਸੀਪਲ), ਰਜਨੀ ਦੇਉਰਾ (ਐਕਟਿਵਿਟੀਜ਼ ਟ੍ਰੇਨਰ), ਰਵਿੰਦਰ ਸਿੰਘ (ਕਾਊਂਸਲਰ), ਸ੍ਰੀ ਸੁਰੇਸ਼ ਕੁਮਾਰ ਸਮੇਤ ਸੈਂਟਰ ਦਾ ਸਟਾਫ ਅਤੇ ਬੱਚਿਆਂ ਦੇ ਮਾਪੇ ਵੀ ਹਾਜ਼ਰ ਸਨ।












0 Comments