ਫਤਿਹਗੜ੍ਹ ਸਾਹਿਬ, 19 ਅਗਸਤ (ਸਤਨਾਮ ਚੌਹਾਨ)- ਥਾਣਾ ਸਰਹਿੰਦ ਪੁਲਿਸ ਨੇ ਆਪਣੇ ਹੀ ਮਾਮੇ ਦੇ ਲੜਕੇ ਨਾਲ ਕਰੋੜਾਂ ਰੁਪਏ ਦੀ ਕਥਿਤ ਧੋਖਾਧੜੀ ਕਰਨ, ਜਾਅਲੀ ਫਰਮਾਂ ਦੇ ਨਾਮ 'ਤੇ ਟੈਕਸ ਹੇਰਾਫੇਰੀ ਕਰਨ, ਖਾਲੀ ਕਾਗਜ਼ਾਂ 'ਤੇ ਦਸਤਖ਼ਤ ਕਰਵਾ ਕੇ ਪਲਾਟ ਹੜੱਪਣ ਅਤੇ ਚੈੱਕ ਬਾਊਂਸ ਦੇ ਝੂਠੇ ਕੇਸ ਦਰਜ ਕਰਵਾਉਣ ਦੇ ਦੋਸ਼ ਹੇਠ ਪਿੰਡ ਭੱਟਮਾਜਰਾ ਦੇ ਤਿੰਨ ਸਕੇ ਭਰਾਵਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਇੱਕ ਨੂੰ ਗ੍ਰਿਫਤਾਰ ਕਰ ਲਿਆ ਹੈ, ਜਦਕਿ ਉਸ ਦੇ 02 ਭਰਾ ਹਾਲੇ ਫਰਾਰ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਰਹਿੰਦ ਦੇ ਸਹਾਇਕ ਥਾਣੇਦਾਰ ਤਿਲਕ ਰਾਜ ਨੇ ਦੱਸਿਆ ਕਿ ਪੀੜਤ ਮੁਕੇਸ਼ ਕੁਮਾਰ ਪੁੱਤਰ ਬਲਵਿੰਦਰ ਕੁਮਾਰ ਵਾਸੀ ਪਿੰਡ ਭੱਟਮਾਜਰਾ ਨੇ ਪੁਲਿਸ ਕੋਲ ਸ਼ਿਕਾਇਤ ਕੀਤੀ ਸੀ ਕਿ ਜਦੋਂ ਉਹ ਮਾਤਰ 5-6 ਸਾਲ ਦਾ ਸੀ, ਤਾਂ ਉਸ ਦੀ ਮਾਤਾ ਵਿਨੋਦ ਕੁਮਾਰੀ ਦਾ ਦਿਹਾਂਤ ਹੋ ਗਿਆ ਸੀ। ਇਸ ਤੋਂ ਬਾਅਦ ਉਸ ਦੀ ਭੂਆ ਅਤੇ ਫੁੱਫੜ ਉਸ ਨੂੰ ਆਪਣੇ ਪਿੰਡ ਭੱਟਮਾਜਰਾ ਲਿਆਏ ਅਤੇ ਉਸ ਦਾ ਪਾਲਣ-ਪੋਸ਼ਣ ਕੀਤਾ। ਉਹ ਆਪਣੀ ਭੂਆ ਦੇ ਪੁੱਤਰ ਦਵਿੰਦਰ ਕੁਮਾਰ, ਜੁਗਲ ਕਿਸ਼ੋਰ ਅਤੇ ਸ਼ਿਵ ਕੁਮਾਰ ਨਾਲ ਕੰਮਕਾਰ ਵਿੱਚ ਹੱਥ ਵਟਾਉਣ ਲੱਗ ਪਿਆ। ਉਸ ਦੀ ਭੂਆ ਦੇ ਲੜਕੇ ਮੰਡੀ ਗੋਬਿੰਦਗੜ੍ਹ ਅਤੇ ਲੁਧਿਆਣਾ ਵਿਖੇ ਬਿਲਾਂ ਅਤੇ ਫਰਮਾਂ ਦਾ ਕੰਮ ਕਰਦੇ ਸਨ।
ਮੁਕੇਸ਼ ਕੁਮਾਰ ਨੇ ਦੋਸ਼ ਲਗਾਇਆ ਸੀ ਕਿ ਉਸ ਦੀ ਭੂਆ ਦੇ ਲੜਕਿਆਂ ਨੇ ਉਸ ਦੇ ਨਾਮ 'ਤੇ ਵੀ ਇੱਕ ਫਰਮ ਬਣਾ ਕੇ ਟੈਕਸ ਨੰਬਰ ਲਿਆ ਅਤੇ ਆਪਣਾ ਕਾਰੋਬਾਰ ਚਲਾਉਣਾ ਸ਼ੁਰੂ ਕਰ ਦਿੱਤਾl ਸ਼ਿਵ ਕੁਮਾਰ ਉਸ ਨੂੰ ਲੁਧਿਆਣਾ ਵਿਖੇ 'ਸ਼ਿਖਾ ਟ੍ਰੇਡਿੰਗ ਕੰਪਨੀ' ਨਾਮ ਦੀ ਫਰਮ ਵਿੱਚ ਲੈ ਗਿਆ, ਜਿੱਥੇ ਉਸ ਨੂੰ ਫੈਕਟਰੀਆਂ ਵਿੱਚ ਵਰਤੇ ਜਾਣ ਵਾਲੇ ਦਸਤਾਨੇ ਅਤੇ ਵੈਲਡਿੰਗ ਰੋਡਾਂ ਦੀ ਸਫ਼ਾਈ ਦੇ ਕੰਮ ਉੱਤੇ ਲਗਾ ਦਿੱਤਾ ਗਿਆ l ਇਸ ਤੋਂ ਬਾਅਦ 'ਸ਼੍ਰੀ ਨੈਣਾ ਜੀ ਟਰੇਡ', 'ਜੇ ਕੇ ਟਰੇਡ' (ਜੁਗਲ ਕਿਸ਼ੋਰ ਅਤੇ ਸ਼ਿਵ ਕੁਮਾਰ ਵੱਲੋਂ) ਅਤੇ 'ਪੀ ਐਨ ਪ੍ਰਾਸਰਜ ਐਂਡ ਸੰਨਜ' (ਦਵਿੰਦਰ ਕੁਮਾਰ ਵੱਲੋਂ) ਨਾਮ ਦੀਆਂ ਫਰਮਾਂ ਚਲਾਈਆਂ ਗਈਆਂ। ਦਵਿੰਦਰ ਕੁਮਾਰ ਨੇ 'ਰਾਮਾ ਪੂਰਨ ਇੰਟਰਪ੍ਰਾਈਜ਼' ਨਾਮ ਹੇਠ ਇੱਕ ਫਰਮ ਰਜਿਸਟਰ ਕਰਵਾਈ ਅਤੇ ਟੈਕਸ ਹੇਰਾਫੇਰੀ ਦੇ ਮਕਸਦ ਨਾਲ ਮੁਕੇਸ਼ ਕੋਲੋਂ ਘਰ ਬੈਠਿਆਂ ਹੀ ਕਈ ਖਾਲੀ ਕਾਗਜ਼ਾਂ ਉੱਤੇ ਦਸਤਖ਼ਤ ਕਰਵਾ ਲਏ। ਰਿਸ਼ਤੇਦਾਰੀ ਅਤੇ ਵਿਸ਼ਵਾਸ ਹੋਣ ਕਾਰਨ ਮੁਕੇਸ਼ ਬਿਨਾਂ ਸ਼ੱਕ ਕੀਤੇ ਦਸਤਖ਼ਤ ਕਰਦਾ ਰਿਹਾ।ਮੁਕੇਸ਼ ਕੁਮਾਰ ਅਨੁਸਾਰ ਸਾਲ 2021 ਵਿੱਚ ਉਸ ਦੀ ਭੂਆ-ਫੁੱਫੜ ਦੀ ਸਹਾਇਤਾ ਨਾਲ ਉਸ ਦੀ ਪਤਨੀ ਈਸ਼ਾ ਸ਼ਰਮਾ ਦੇ ਨਾਮ ਇੱਕ ਮਕਾਨ ਖਰੀਦਿਆ ਗਿਆ ਸੀ। ਇਸ ਤੋਂ ਬਾਅਦ ਤਿੰਨੋਂ ਭਰਾ ਅੱਡ-ਅੱਡ ਰਹਿਣ ਲੱਗੇ। ਸਾਲ 2024 ਵਿੱਚ ਸ਼ਿਵ ਕੁਮਾਰ ਦੇ ਕਹਿਣ 'ਤੇ ਪਿੰਡ ਭੱਟਮਾਜਰਾ ਵਿਖੇ 'ਯੂਵੀ ਟ੍ਰੇਡਿੰਗ ਕੰਪਨੀ' ਨਾਮ ਦੀ ਇੱਕ ਪਾਰਟਨਰਸ਼ਿਪ ਫਰਮ ਸ਼ੁਰੂ ਕੀਤੀ ਗਈ, ਜਿਸ ਵਿੱਚ ਪੁਰਾਣੇ ਦਸਤਾਨੇ ਖਰੀਦ ਕੇ, ਸਾਫ਼-ਸਫ਼ਾਈ ਕਰਕੇ ਅੱਗੇ ਵੇਚਣ ਦਾ ਕੰਮ ਕੀਤਾ ਜਾਂਦਾ ਸੀ। ਕੁਝ ਸਮੇਂ ਬਾਅਦ ਜਦੋਂ ਕਾਰੋਬਾਰ ਵਿੱਚ ਮੁਨਾਫ਼ਾ ਹੋਣ ਦੇ ਬਾਵਜੂਦ ਮੁਕੇਸ਼ ਨੂੰ ਪੈਸਿਆਂ ਦਾ ਘਾਟਾ ਦਿੱਸਣ ਲੱਗਾ, ਤਾਂ ਉਸ ਨੇ ਆਪਣਾ ਹਿੱਸਾ ਵੱਖ ਕਰਨ ਦੀ ਮੰਗ ਕੀਤੀ। ਫਿਰ ਕਚਹਿਰੀ ਵਿੱਚ ਅਸ਼ਟਾਮ 'ਤੇ ਲਿਖਵਾ ਕੇ ਮੁਕੇਸ਼ ਦਾ ਪਿੰਡ ਭੱਟਮਾਜਰਾ ਸਥਿਤ ਪਲਾਟ ਜੁਗਲ ਕਿਸ਼ੋਰ ਦੇ ਨਾਮ ਕਰਵਾ ਲਿਆ ਗਿਆ।ਫਰਮਾਂ ਉੱਤੇ ਲਏ ਗਏ ਬੈਂਕ ਲੋਨਾਂ ਨੂੰ ਮੋੜਨ ਦਾ ਬੋਝ ਮੁਕੇਸ਼ 'ਤੇ ਪਾ ਦਿੱਤਾ ਗਿਆ ਅਤੇ ਧਮਕੀ ਦਿੱਤੀ ਗਈ, ਕਿ ਜੇਕਰ ਲੋਨ ਨਾ ਮੋੜਿਆ ਤਾਂ ਉਸ ਦਾ ਪਲਾਟ ਵੇਚ ਦਿੱਤਾ ਜਾਵੇਗਾ। ਉਕਤ ਵਿਅਕਤੀਆਂ ਨੇ ਉਸ ਦੀ ਫੈਕਟਰੀ ਨੂੰ ਤਾਲਾ ਲਗਾ ਦਿੱਤਾ, ਉਸ ਨੂੰ ਗੰਭੀਰ ਨਤੀਜੇ ਭੁਗਤਣ ਦੀਆਂ ਧਮਕੀਆਂ ਦਿੱਤੀਆਂ ਅਤੇ ਉਸ ਦੇ ਦਸਤਖ਼ਤ ਕੀਤੇ ਖਾਲੀ ਚੈੱਕ ਬੈਂਕਾਂ ਵਿੱਚ ਲਗਾ ਕੇ ਚੈੱਕ ਬਾਊਂਸ ਕਰਵਾ ਦਿੱਤੇ, ਜਿਸ ਤੋਂ ਬਾਅਦ ਉਸ ਉੱਤੇ ਵੱਖ-ਵੱਖ ਅਦਾਲਤਾਂ ਵਿੱਚ ਮੁਕੱਦਮੇ ਦਰਜ ਕਰਵਾ ਦਿੱਤੇ ਗਏ।ਪੀੜਤ ਮੁਕੇਸ਼ ਕੁਮਾਰ ਦੇ ਬਿਆਨਾਂ ਅਤੇ ਸ਼ਿਕਾਇਤ ਦੇ ਆਧਾਰ 'ਤੇ ਥਾਣਾ ਸਰਹਿੰਦ ਪੁਲਿਸ ਨੇ ਤਿੰਨਾਂ ਭਰਾਵਾਂ ਦਵਿੰਦਰ ਕੁਮਾਰ, ਜੁਗਲ ਕਿਸ਼ੋਰ ਅਤੇ ਸ਼ਿਵ ਕੁਮਾਰ ਪੁੱਤਰਾਨ ਪੂਰਨਾ ਨੰਦ ਵਾਸੀ ਪਿੰਡ ਭੱਟਮਾਜਰਾ ਖ਼ਿਲਾਫ਼ ਧੋਖਾਧੜੀ ਅਤੇ ਸਾਜ਼ਿਸ਼ ਰਚਣ ਦੇ ਗੰਭੀਰ ਦੋਸ਼ਾਂ ਹੇਠ ਕੇਸ ਨੰਬਰ 173, 316(2),318(4),336(3),340(2),61(2) ਬੀ ਐਨ ਐਸ ਦੇ ਤਹਿਤ ਦਰਜ ਕਰਕੇ ਦਵਿੰਦਰ ਕੁਮਾਰ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਉਸ ਦੇ ਦੋ ਭਰਾ ਹਾਲੇ ਭਰਾ ਹਨ, ਉਹਨਾਂ ਨੂੰ ਵੀ ਛੇਤੀ ਗ੍ਰਿਫਤਾਰ ਕਰ ਲਿਆ ਜਾਵੇਗਾ l ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈਂ l












0 Comments