ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਮੁੱਖ ਮਹਿਮਾਨ ਅਤੇ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਨੇ ਵਿਸ਼ੇਸ ਮਹਿਮਾਨ ਵਜੋਂ ਕੀਤੀ ਸ਼ਿਰਕਤ
ਵਿਧਾਇਕਾਂ ਨੇ ਜੇਤੂ ਖਿਡਾਰੀਆਂ ਨੂੰ ਕੀਤਾ ਸਨਮਾਨਿਤ, ਖੇਡ ਟੂਰਨਾਮੈਂਟ ਦੇ ਪ੍ਰਬੰਧਕਾਂ ਦੀ ਸ਼ਲਾਘਾ
ਬਸੀ ਪਠਾਣਾ/ ਫ਼ਤਹਿਗੜ੍ਹ ਸਾਹਿਬ, 16 ਸਤੰਬਰ: (ਸਤਨਾਮ ਚੌਹਾਨ, ਕੁਲਦੀਪ ਬਾਲਪੁਰ):-
ਬਾਬਾ ਰੋਡੂ ਸ਼ਾਹ ਜੀ ਦੀ ਯਾਦ ਵਿੱਚ 73ਵਾਂ ਖੇਡ ਮੇਲਾ, ਬਾਬਾ ਰੋਡੂ ਸ਼ਾਹ ਸਪੋਰਟਸ ਕਲੱਬ ਪਿੰਡ ਨੰਦਪੁਰ ਕਲੌੜ ਅਤੇ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ ਜਿਸ ਦੇ ਸਮਾਪਤੀ ਸਮਾਰੋਹ ਮੌਕੇ ਵਿਧਾਇਕ ਬਸੀ ਪਠਾਣਾ ਰੁਪਿੰਦਰ ਸਿੰਘ ਹੈਪੀ ਨੇ ਮੁੱਖ ਮਹਿਮਾਨ ਵਜੋਂ ਅਤੇ ਵਿਧਾਇਕ ਫ਼ਤਹਿਗੜ੍ਹ ਸਾਹਿਬ ਐਡਵੋਕੇਟ ਲਖਬੀਰ ਸਿੰਘ ਰਾਏ ਨੇ ਵਿਸ਼ੇਸ ਮਹਿਮਾਨ ਵਜੋਂ ਸਿ਼ਰਕਤ ਕੀਤੀ ਅਤੇ ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕੀਤਾ।
ਇਸ ਮੌਕੇ ਖਿਡਾਰੀਆਂ ਤੇ ਪਿੰਡਾਂ ਦੇ ਵਸਨੀਕਾਂ ਨੂੰ ਸੰਬੋਧਨ ਕਰਦਿਆਂ ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਪ੍ਰਬੰਧਕਾਂ ਨੂੰ ਮੁਬਾਰਕਬਾਦ ਭੇਟ ਕੀਤੀ। ਉਨ੍ਹਾਂ ਕਿਹਾ ਕਿ ਇਹ ਇਲਾਕੇ ਲਈ ਮਾਣ ਵਾਲੀ ਗੱਲ ਹੈ ਕਿ ਪੰਜਾਬੀਆਂ ਦੀ ਮਾਂ ਖੇਡ ਕਬੱਡੀ ਦੇ ਨਾਲ ਨਾਲ ਹੋਰ ਖੇਡਾਂ ਨੂੰ ਪ੍ਰਫੁਲਿਤ ਕਰਨ ਦੀ ਦਿਸ਼ਾ ਵਿੱਚ ਏਨੇ ਵੱਡੇ ਪੱਧਰ *ਤੇ ਹਰ ਸਾਲ ਇਸ ਖੇਡ ਮੇਲੇ ਦਾ ਆਯੋਜਨ ਕੀਤਾ ਜਾਂਦਾ ਹੈ ਜਿਸ ਵਿੱਚ ਨਾਮਵਰ ਕਬੱਡੀ ਟੀਮਾਂ ਆਪਣੇ ਹੁਨਰ ਦਾ ਸ਼ਾਨਦਾਰ ਪ੍ਰਗਟਾਵਾ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਖੇਡ ਸਭਿਆਚਾਰ ਨੂੰ ਉਤਸ਼ਾਹਿਤ ਕਰ ਰਹੀ ਹੈ ਅਤੇ ਖੇਡਾਂ ਵਤਨ ਪੰਜਾਬ ਦੀਆਂ ਤਹਿਤ ਬਲਾਕ, ਜਿ਼ਲ੍ਹਾ ਤੇ ਰਾਜ ਪੱਧਰੀ ਖੇਡ ਮੁਕਾਬਲੇ ਖਿਡਾਰੀਆਂ ਲਈ ਮਿਆਰੀ ਮੰਚ ਸਾਬਤ ਹੁੰਦੇ ਹਨ। ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਕਿਹਾ ਕਿ ਹੁਣ ਸਰਕਾਰ ਵੱਲੋਂ ਪਿੰਡਾਂ ਵਿੱਚ ਖੇਡ ਮੈਦਾਨ ਬਣਵਾਏ ਜਾ ਰਹੇ ਹਨ ਤਾਂ ਜੋ ਸਾਡੀ ਨੌਜਵਾਨ ਪੀੜ੍ਹੀ ਖੇਡਾਂ ਨਾਲ ਜੁੜ ਸਕੇ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਸਾਡੇ ਖਿਡਾਰੀ ਕੌਮੀ ਤੇ ਕੌਮਾਂਤਰੀ ਪੱਧਰ ਦੇ ਖੇਡ ਮੁਕਾਬਲਿਆਂ ਵਿੱਚ ਦੇਸ਼ ਦਾ ਨਾਮ ਰੌਸ਼ਨ ਕਰਨ ਦੇ ਸਮਰੱਥ ਬਣ ਸਕਣ।
ਇਸ ਮੌਕੇ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਨੇ ਖਿਡਾਰੀਆਂ ਨੂੰ ਹੱਲਾਸ਼ੇਰੀ ਦਿੰਦਿਆਂ ਕਿਹਾ ਕਿ ਅਜਿਹੇ ਖੇਡ ਸਮਾਗਮਾਂ ਵਿੱਚ ਆਮ ਲੋਕਾਂ ਨੂੰ ਵੀ ਵਧ ਚੜ੍ਹ ਕੇ ਸ਼ਾਮਲ ਹੋਣਾ ਚਾਹੀਦਾ ਹੈ ਤਾਂ ਜੋ ਖਿਡਾਰੀਆਂ ਦੀ ਨਿਰੰਤਰ ਹੌਸਲਾ ਅਫਜਾਈ ਹੋ ਸਕੇ।ਉਨ੍ਹਾਂ ਕਿਹਾ ਕਿ ਸਖਤ ਅਭਿਆਸ, ਨਿਰੰਤਰ ਮਿਹਨਤ ਤੇ ਦ੍ਰਿੜ ਇਰਾਦੇ ਨਾਲ ਹੀ ਖਿਡਾਰੀ ਸਫ਼ਲਤਾ ਦੇ ਸਮਰੱਥ ਬਣਦੇ ਹਨ ਅਤੇ ਇਸ ਖੇਡ ਟੂਰਨਾਮੈਂਟ ਵਿੱਚ ਸਾਡੇ ਅਨੁਭਵੀ ਖਿਡਾਰੀਆਂ ਨੇ ਪੂਰੇ ਜੋਸ਼ੋ ਖਰੋਸ਼ ਨਾਲ ਹਿੱਸਾ ਲੈ ਕੇ ਮਾਂ ਖੇਡ ਕਬੱਡੀ ਦੀਆਂ ਧੂੰਮਾਂ ਪਾ ਦਿੱਤੀਆਂ ਹਨ ਜਿਸ ਨਾਲ ਬੱਚਿਆਂ ਤੇ ਨੌਜਵਾਨਾਂ ਦੇ ਨਾਲ ਨਾਲ ਹਰ ਉਮਰ ਵਰਗ ਦੇ ਖੇਡ ਪ੍ਰੇਮੀ ਦੇ ਮਨਾਂ ਉਤੇ ਡੂੰਘੀ ਛਾਪ ਪਈ ਹੈ।ਇਸ ਮੌਕੇ ਵਿਧਾਇਕਾਂ ਨੇ ਖਿਡਾਰੀਆਂ ਨਾਲ ਜਾਣ ਪਛਾਣ ਕੀਤੀ ਅਤੇ ਜੇਤੂਆਂ ਨੂੰ ਸਨਮਾਨਿਤ ਕਰਨ ਦੀ ਰਸਮ ਅਦਾ ਕੀਤੀ।
ਇਸ ਮੌਕੇ ਸਰਪ੍ਰਸਤ ਸੁਖਵਿੰਦਰ ਸਿੰਘ ਸੋਨੀ, ਚੇਅਰਮੈਨ ਕੁਲਵਿੰਦਰ ਸਿੰਘ ਸੋਮਲ, ਪ੍ਰਧਾਨ ਦਵਿੰਦਰ ਸਿੰਘ ਸੋਮਲ, ਰਾਜ ਪੁਰੀ ਹਲਕਾ ਸੰਗਠਨ ਇੰਚਾਰਜ, ਇੰਦਰਜੀਤ ਸਿੰਘ ਮੈਂਬਰ ਮੰਡੀਕਰਨ ਬੋਰਡ ਪੰਜਾਬ, ਕਸ਼ਮੀਰ ਸਿੰਘ ਬਲਾਕ ਪ੍ਰਧਾਨ, ਜਗਮੋਹਨ ਸਿੰਘ, ਰਸ਼ਪਿੰਦਰ ਸਿੰਘ, ਮਨਪ੍ਰੀਤ ਸੋਮਲ, ਜਗਦੀਸ਼ ਚੇਅਰਮੈਨ ਘਮੰਡਗੜ੍ਹ ਵੀ ਮੌਜੂਦ ਸਨ।

0 Comments