ਝੋਨੇ ’ਤੇ ਹਲਦੀ ਰੋਗ ਤੋਂ ਬਚਾਅ ਲਈ ਪੀ.ਏ.ਯੂ ਵੱਲੋਂ ਸਿਫਾਰਸ਼ ਕੀਤੀਆਂ ਉੱਲੀਨਾਸ਼ਕ ਦਵਾਈਆਂ ਦਾ ਸਪਰੇਅ ਕਰਨ ਕਿਸਾਨ: ਮੁੱਖ ਖੇਤੀਬਾੜੀ ਅਫਸਰ
ਮੁੱਖ ਖੇਤੀਬਾੜੀ ਅਫਸਰ ਡਾ: ਗੁਰਨਾਮ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਦਿਨਾਂ ਵਿੱਚ ਹੋਈ ਭਾਰੀ ਬਰਸਾਤ ਅਤੇ ਵਧੇਰੇ ਬੱਦਲ ਰਹਿਣ ਕਾਰਨ ਪਛੇਤੇ ਬੀਜੇ ਝੋਨੇ ਉਤੇ ਅਮਲੋਹ ਬਲਾਕ ਦੇ ਕੁਝ ਖੇਤਾਂ ਵਿੱਚ, ਹਲਦੀ ਰੋਗ (ਫਾਲਸ ਮਟ) ਦਾ ਹਮਲਾ ਵੇਖਣ ਨੂੰ ਮਿਲਿਆ ਹੈ। ਉਨ੍ਹਾਂ ਕਿਹਾ ਕਿ ਇਸ ਬਿਮਾਰੀ 'ਤੇ ਕਾਬੂ ਪਾਉਣ ਲਈ ਝੋਨੇ ਦੀ ਫਸਲ ਉਪਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਸਿਫਾਰਸ਼ ਕੀਤੀਆਂ ਉੱਲੀਨਾਸ਼ਕ ਦਵਾਈਆਂ ਜਿਵੇਂ ਕਿ 400 ਮਿਲੀਲੀਟਰ ਗਲੀਲਿਊ ਵੇਅ 18.76 ਐਸ.ਸੀ. ਜਾਂ 500 ਗ੍ਰਾਮ ਕੋਸਾਇਡ 46 ਡੀ.ਐਫ. ਨੂੰ 200 ਲੀਟਰ ਪਾਣੀ ਵਿੱਚ ਘੋਲ ਕੇ, ਜਦੋਂ ਫਸਲ ਗੋਭ ਵਿੱਚ ਹੁੰਦੀ ਹੈ, ਛਿੜਕਾਅ ਕੀਤਾ ਜਾਣਾ ਚਾਹੀਦਾ ਹੈ।
ਮੁੱਖ ਖੇਤੀਬਾੜੀ ਅਫਸਰ ਨੇ ਦੱਸਿਆ ਕਿ ਇਹ ਹਮਲਾ ਜਿਆਦਾ ਕਰਕੇ ਝੋਨੇ ਦੀ ਕਿਸਮ ਪੀ.ਆਰ.126 'ਤੇ ਵੇਖਿਆ ਜਾ ਰਿਹਾ ਹੈ ਜੋ ਕਿ ਜਿਆਦਾ ਪਿਛੇਤੀ ਬੀਜੀ ਗਈ ਸੀ। ਮੁੱਖ ਖੇਤੀਬਾੜੀ ਅਫਸਰ ਨੇ ਦੱਸਿਆ ਕਿ ਹਲਦੀ ਰੋਗ ਬਿਮਾਰੀ ਦਾ ਹਮਲਾ ਉਨ੍ਹਾਂ ਖੇਤਾਂ ਵਿੱਚ ਜਿਆਦਾ ਵੇਖਣ ਨੂੰ ਮਿਲਦਾ ਹੈ ਜਿਥੇ ਨਾਈਟ੍ਰੋਜਨ ਦੀ ਖਾਦ ਵਧੇਰੇ ਪਾਈ ਗਈ ਹੋਵੇ ਅਤੇ ਝੋਨੇ ਨੂੰ ਜਿਆਦਾ ਭਰ ਕੇ ਪਾਣੀ ਲਗਾਏ ਗਏ ਹੋਣ।
ਡਾ: ਗੁਰਨਾਮ ਸਿੰਘ ਨੇ ਦੱਸਿਆ ਕਿ ਹੁਣ ਜਦੋਂ ਕਿ ਝੋਨੇ ਦੀ ਫਸਲ ਵਾਢੀ ਲਈ ਤਿਆਰ ਹੈ ਤਾਂ ਇਸ ਉਪਰ ਉੱਲੀਨਾਸ਼ਕ ਦਵਾਈਆਂ ਦਾ ਛਿੜਕਾਅ ਕਰਨ ਤੋਂ ਪ੍ਰਹੇਜ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਝੋਨੇ ਦੀ ਫਸਲ ਦਿਨ ਵਿੱਚ ਹੀ ਕੱਟਣ ਨੂੰ ਤਰਜੀਹ ਦਿੱਤੀ ਜਾਵੇ।
ਮੁੱਖ ਖੇਤੀਬਾੜੀ ਅਫਸਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਵਿਭਾਗ ਦੇ ਅਧਿਕਾਰੀ ਤੇ ਕਰਮਚਾਰੀ, ਇਸ ਬਿਮਾਰੀ ਸਬੰਧੀ ਖੇਤਾਂ ਵਿੱਚ ਜਾ ਕੇ ਸਰਵੇ ਕਰਨ ਦੇ ਨਾਲ-ਨਾਲ ਕਿਸਾਨਾਂ ਨੂੰ ਇਸ ਬਿਮਾਰੀ ਤੋਂ ਬਚਾਅ ਸਬੰਧੀ ਜਾਗਰੂਕ ਕਰ ਰਹੇ ਹਨ।

0 Comments