BREAKING NEWS

6/recent/ticker-posts

ਐਸਡੀਐਮ ਚੇਤਨ ਬੰਗੜ ਵੱਲੋਂ ਅਨਾਜ ਮੰਡੀ ਅਮਲੋਹ ਵਿੱਚ ਝੋਨੇ ਦੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ

ਕਿਸਾਨਾਂ ਲਈ ਉਪਲਬਧ ਸੁਵਿਧਾਵਾਂ ਦਾ ਲਿਆ ਜਾਇਜ਼ਾ, ਕਿਸਾਨਾਂ ਨੂੰ ਸੁੱਕਾ ਝੋਨਾ ਹੀ ਲਿਆਉਣ ਦੀ ਕੀਤੀ ਅਪੀਲ

ਸਾਫ ਸਫਾਈ ਪੱਖੋਂ ਕੋਈ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ: ਚੇਤਨ ਬੰਗੜ

ਅਮਲੋਹ, 17 ਸਤੰਬਰ ( ਸਤਨਾਮ ਚੌਹਾਨ, ਕੁਲਦੀਪ ਬਾਲਪੁਰ):-

ਉਪ ਮੰਡਲ ਮੈਜਿਸਟਰੇਟ ਚੇਤਨ ਬੰਗੜ ਨੇ ਅੱਜ ਅਮਲੋਹ ਦੀ ਮੁੱਖ ਅਨਾਜ ਮੰਡੀ ਦਾ ਦੌਰਾ ਕਰਕੇ ਝੋਨੇ ਦੀ ਖਰੀਦ ਸਬੰਧੀ ਕੀਤੇ ਗਏ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਹਨਾਂ ਨੇ ਆਪਣੇ ਦੌਰੇ ਦੌਰਾਨ ਆੜਤੀਆਂ ਨਾਲ ਗੱਲਬਾਤ ਕੀਤੀ ਅਤੇ ਸਰਕਾਰ ਵੱਲੋਂ ਝੋਨੇ ਦੀ ਖਰੀਦ, ਲਿਫਟਿੰਗ ਅਤੇ ਅਦਾਇਗੀ ਸਬੰਧੀ ਜਾਰੀ ਦਿਸ਼ਾ ਨਿਰਦੇਸ਼ਾਂ ਬਾਰੇ ਜਾਣੂ ਕਰਵਾਇਆ।

ਐਸਡੀਐਮ ਚੇਤਨ ਬੰਗੜ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਵੱਲੋਂ ਸਖਤ ਦਿਸ਼ਾ ਨਿਰਦੇਸ਼ ਦਿੱਤੇ ਗਏ ਹਨ ਕਿ ਝੋਨੇ ਦੀ ਖਰੀਦ ਦੇ ਸਮੁੱਚੇ ਸੀਜ਼ਨ ਦੌਰਾਨ ਪ੍ਰਬੰਧਾਂ ਪੱਖੋਂ ਕਿਸੇ ਵੀ ਕਿਸਮ ਦੀ ਢਿੱਲ ਮੱਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਨੇ ਜ਼ਿਲ੍ਹਾ ਮੰਡੀ ਅਫ਼ਸਰ, ਪੰਜਾਬ ਮੰਡੀ ਬੋਰਡ ਦੇ ਅਧਿਕਾਰੀਆਂ ਅਤੇ ਮਾਰਕੀਟ ਕਮੇਟੀ ਦੇ ਸਕੱਤਰ ਨੂੰ ਹਦਾਇਤ ਕਰਦਿਆਂ ਕਿਹਾ ਕਿ ਇਸ ਸੀਜ਼ਨ ਦੌਰਾਨ ਸਫਾਈ, ਬਿਜਲੀ, ਪੀਣ ਵਾਲੇ ਪਾਣੀ ਦੀ ਉਪਲਬਧਤਾ, ਛਾਂ ਅਤੇ ਗੁਸਲਖਾਨੇ ਆਦਿ ਦੀ ਸਾਫ ਸਫਾਈ ਦੇ ਪ੍ਰਬੰਧਾਂ ਪੱਖੋਂ ਕੋਈ ਕਮੀ ਬਾਕੀ ਨਾ ਰਹੇ। ਉਹਨਾਂ ਨੇ ਸਬ ਡਿਵੀਜ਼ਨ ਅਧੀਨ ਆਉਂਦੀਆਂ ਅਨਾਜ ਮੰਡੀਆਂ ਵਿੱਚ ਆਪਣੀ ਜਿਨਸ ਵੇਚਣ ਲਈ ਲਿਆਉਣ ਵਾਲੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਮੰਡੀਆਂ ਵਿੱਚ ਕੇਵਲ ਸੁੱਕਾ ਝੋਨਾ ਹੀ ਲੈ ਕੇ ਆਉਣ ਤਾਂ ਜੋ ਉਹਨਾਂ ਦੀ ਜਿਨਸ ਦੇ ਨਾਲ ਨਾਲ ਖਰੀਦ ਕੀਤੀ ਜਾ ਸਕੇ।

ਐਸਡੀਐਮ ਚੇਤਨ ਬੰਗੜ ਨੇ ਦੱਸਿਆ ਕਿ ਅਨਾਜ ਮੰਡੀ ਦੀ ਸੜਕ ਉੱਤੇ ਗੰਦਗੀ ਤੇ ਮਲਬੇ ਨੂੰ ਚੁਕਵਾ ਦਿੱਤਾ ਗਿਆ ਹੈ ਅਤੇ ਹੁਣ ਸਮੁੱਚੇ ਸੀਜ਼ਨ ਦੌਰਾਨ ਅਜਿਹੀ ਕੋਈ ਵੀ ਦਿੱਕਤ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਉਹਨਾਂ ਦੱਸਿਆ ਕਿ ਮੰਡੀ ਗੋਬਿੰਦਗੜ੍ਹ ਤੋਂ ਮੰਗਵਾਈ ਜੈਟਿੰਗ ਮਸ਼ੀਨ ਰਾਹੀਂ ਸੀਵਰੇਜ ਦੀ ਵੀ ਸਫਾਈ ਕਰਵਾ ਦਿੱਤੀ ਗਈ ਸੀ ਤਾਂ ਜੋ ਸੀਵਰੇਜ ਓਵਰਫਲੋ ਨਾ ਹੋ ਸਕੇ।

ਇਸੇ ਦੌਰਾਨ ਮੌਕੇ ਤੇ ਮੌਜੂਦ ਪੰਜਾਬ ਮੰਡੀ ਬੋਰਡ ਦੇ ਐਸਡੀਓ ਨੇ ਦੱਸਿਆ ਕਿ ਮੁੱਖ ਅਨਾਜ ਮੰਡੀ ਦੇ ਸੜਕ ਦੀ ਮੁਰੰਮਤ ਸਬੰਧੀ ਵਿਭਾਗੀ ਪੱਧਰ ਤੇ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਕਿਉਂਕਿ ਇਸ ਵਾਰ ਭਾਰੀ ਬਰਸਾਤਾਂ ਕਾਰਨ ਕੁਝ ਥਾਵਾਂ 'ਤੇ ਮੰਡੀ ਦੀਆਂ ਸੜਕਾਂ ਨੂੰ ਨੁਕਸਾਨ ਪਹੁੰਚਿਆ ਸੀ।

ਇਸ ਮੌਕੇ ਉਹਨਾਂ ਨਾਲ ਸਕੱਤਰ ਮਾਰਕੀਟ ਕਮੇਟੀ ਗੁਰਜੀਤ ਸਿੰਘ, ਆਮ ਆਦਮੀ ਪਾਰਟੀ ਦੇ ਆਗੂ ਇਕਬਾਲ ਸਿੰਘ ਅਨੀਆ ਤੇ ਪ੍ਰਧਾਨ ਆੜ੍ਹਤੀ ਐਸੋਸੀਏਸ਼ਨ ਸਮੇਤ ਹੋਰ ਨੁਮਾਇੰਦੇ ਹਾਜ਼ਰ ਸਨ।

Post a Comment

0 Comments